ਜੇ ਸੱਚੋ ਸੱਚ ਸੁਣਨਾ ਪੈ ਗਿਆ ਤਾਂ ਸਹਿ ਨਹੀਂ ਹੋਣਾ ,
ਜੇ ਸਾਨੂੰ ਸੱਚ ਕਹਿਣਾ ਪੈ ਗਿਆ ਤਾਂ ਕਹਿ ਨਹੀਂ ਹੋਣਾ ।
ਅਸੀਂ ਮਹਿਲਾਂ 'ਚ ਰਹਿ ਕੇ ਝੁੱਗੀਆਂ ਦੀ ਗੱਲ ਕਰਦੇ ਹਾਂ ,
ਜੇ ਰਹਿਣਾ ਪੈ ਗਿਆ ਝੁਗੀਆਂ 'ਚ ਇਕ ਦਿਨ , ਰਹਿ ਨਹੀਂ ਹੋਣਾ ।
ਮੁਖੌਟੇ ਪਾ ਲਏ , ਤੇ ਆਪਣੀ ਪਹਿਚਾਣ ਭੁੱਲ ਬੈਠੈਂ ,
ਮੁਖੋਟੇ ਲਹਿ ਗਏ , ਸ਼ੀਸ਼ੇ ਦੇ ਸਾਹਵੇਂ ਬਹਿ ਨਹੀਂ ਹੋਣਾ ।
ਜੇ ਬਿਸਤਰ ਵਾਂਗ ਕੇਰਾਂ ਵਿਛ ਗਿਆ ਤੂੰ ਹਾਕਮਾਂ ਅੱਗੇ ,
ਜੇ ਤੂੰ ਚਾਹੇਂ ਵੀ , ਤਾਂ ਮੁੜਕੇ ਕਦੇ ਵੀ ਤਹਿ ਨਹੀਂ ਹੋਣਾ ।
ਤਿਰੇ ਬਿਨ ਕ੍ਰਿਸ਼ਨ ਦੁਨੀਆਂ ਦਾ ਨਾ ਕੋਈ ਕੰਮ ਰੁਕਣਾ ਹੈ ,
ਇਹ ਤੇਰਾ ਵਹਿਮ ਹੈ ਨਿਰਮੂਲ , ਮਗਰੋਂ ਅਹਿ ਨਹੀਂ ਹੋਣਾ ।
No comments:
Post a Comment