ਜਿਸ ਦੇ ਵਿਰੋਧ 'ਚ ਹੋ ਗਿਆ ਸਾਰਾ ਹੀ ਅੱਜ ਨਿਜ਼ਾਮ ਹੈ
ਉਸ ਉੱਤੇ ਪਿੰਜਰਿਆਂ 'ਚੋਂ ਪੰਛੀ ਉਡਾਉਣ ਦਾ ਇਲਜਾਮ ਹੈ।
ਪਹਿਚਾਣ ਪਾਉਣਾ ਹੈ ਬੜਾ ਮੁਸ਼ਕਿਲ ਜਮਾਨੇ ਵਿੱਚ ਹੁਣ
ਮਸ਼ਹੂਰ ਕਿਹੜਾ ਹੈ ਅਤੇ ਕਿਹੜਾ ਸ਼ਖ਼ਸ ਬਦਨਾਮ ਹੈ।
ਇਹ ਲੋਕ ਭੋਲ਼ੇ ਦੱਸ ਦੇ ਇਹਨਾਂ ਤੋਂ ਬਚ ਜਾਂਦੇ ਕਿਵੇਂ
ਇਸ ਰਾਜਨੀਤੀ ਨੇ ਤਾਂ ਵਰਤ ਲਿਆ ਅੱਲਾ ਤੇ ਰਾਮ ਹੈ।
ਸਨਮਾਨ ਉਹ ਹੁੰਦਾ ਪ੍ਰਤੀਭਾ ਜੋ ਸਦਾ ਪੈਦਾ ਕਰੇ
ਇਹ ਚਾਪਲੂਸ ਬਣਾਉਣ ਦੇ ਲਈ ਵਰਤ ਲੈਂਦੇ ਇਨਾਮ ਹੈ।
ਉਹ ਦੇਰ ਕਿੰਨੀ ਹੋਰ ਕਰਦਾ ਛੁਪ ਕੇ ਉਸ ਨੂੰ ਪਿਆਰ ਵੀ
ਆਖਰ ਨੂੰ ਹੱਦਾਂ ਤੋੜ ਕੇ ਉਹ ਹੋ ਗਿਆ ਸਰੇਆਮ ਹੈ।
ਹੁੰਦੇ ਜਖ਼ਮ ਜਿਹੜੇ ਰਿਸਣ ਵਾਲ਼ੇ ਨਾ ਉਹ ਭਰਦੇ ਕਦੇ
ਜੋ ਪੁੱਛਦਾ ਮੈਂ ਕਹਿ ਦਵਾਂ ਹੁਣ ਤਾਂ ਬੜਾ ਆਰਾਮ ਹੈ।
ਇਹ ਲੋਕ ਤਾਂ ਜਗਜੀਤ ਨੂੰ ਆਜ਼ਾਦ ਐਵੇਂ ਆਖਦੇ
ਤੂੰ ਜਾਣਦੀ ਤੇਰੀ ਅਦਾ ਦਾ ਉਹ ਸੁਰੂ ਤੋਂ ਗੁਲਾਮ ਹੈ।
ਜਗਜੀਤ ਗੁਰਮ।
99152 64836
No comments:
Post a Comment