ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, September 9, 2019

ਤਸਵੀਰ ਤੇਰੀ - ਜਸਵਿੰਦਰ ਪੰਜਾਬੀ


ਤਸਵੀਰ ਤੇਰੀ ਦੇ ਖੜ੍ਹ ਅੱਗੇ ਜਦ ਤੱਕਾਂ ਚੁੱਪੀ ਧਾਰੀ ਨੂੰ ।
ਫਿਰ ਸੋਚਾਂ ਕੀ ਸਿਰਲੇਖ ਦਿਆਂ ਆਪਣੀ ਇਸ ਪ੍ਰੇਮ ਕਹਾਣੀ ਨੂੰ ॥
ਇਹ ਯਾਦਾਂ ਵੀ ਕੀ ਸ਼ੈਅ ਅੜੀਏ ਜੋ ਦਿਲ ਨੂੰ ਬਹੁਤ ਸਤਾਉਂਦੀਆਂ ਨੇ ।
ਅੱਖੀਆਂ ਦੇ ਹੰਝੂ ਮੁੱਕਣ ਨਾ ਬੁੱਲ੍ਹੀਆਂ `ਤੇ ਦਰਦ ਵਗਾਉਂਦੀਆਂ ਨੇ ॥
ਹਰ ਦਿਲ ਦੀ ਧੜਕਣ ਵਿੱਚ ਤੇਰਾ ਬੱਸ ਨਾਮ ਧੜਕਦਾ ਰਹਿੰਦਾ ਹੈ ।
ਇਸ ਗ਼ਮ ਨੂੰ ਦੱਸ ਕਿੰਝ ਦੂਰ ਕਰਾਂ ਜੋ ਆ ਮੁੱਖੜੇ `ਤੇ ਬਹਿੰਦਾ ਹੈ ॥
ਪੱਤਝੜ ਦੀ ਰੁੱਤ ਨਾਲ ਮੋਹ ਪੈ ਗਿਆ ਸਭ ਮਿਟ ਗਈ ਰੁੱਤ ਬਹਾਰਾਂ ਦੀ ।
ਚਾਵਾਂ ਨੂੰ ਲੱਗ ਜੰਗਾਲ ਗਿਆ ਜਦ ਟੁੱਟੀ ਡੋਰ ਪਿਆਰਾਂ ਦੀ ॥
ਰਾਤਾਂ ਵੀ ਦਰਦਾਂ ਵਾਲੀਆਂ ਨੇ ਤੇ ਦਿਨ ਵੀ ਦਰਦਾਂ ਵਿੰਨ੍ਹੇ ਨੇ ।
ਜੋ ਰੂਹ ਨੂੰ ਛਲਣੀ ਕਰ ਗਏ ਨੇ ਇਹ ਤੀਰ ਭਲਾਂ ਕਿਸ ਸਿੰਨ੍ਹੇ ਨੇ ॥
ਤੂੰ ਫੁੱਲ ਸੀ ਮੇਰੇ ਬਾਗਾਂ ਦਾ ਜੋ ਜੋਬਨ ਰੁੱਤੇ ਟੁੱਟ ਗਿਆ ।
ਇਹ ਜ਼ਾਲਮ ਝੱਖੜ ਸੀ ਕੋਈ ਜੋ ਜੜ੍ਹ ਤੋਂ ਬੂਟਾ ਪੁੱਟ ਗਿਆ ॥
ਤੇਰੇ ਬਿਨ ਪੁੱਟੇ ਕਦਮਾਂ ਨੂੰ ਹੁਣ ਤੁਰਨਾ ਵੀ ਤੇ ਭੁੱਲ ਗਿਆ ।
ਤਾਉਮਰਾਂ ਤੀਕਰ ਮੇਰੇ ਲਈ ਦਰਦਾਂ ਦਾ ਬੂਹਾ ਖੁੱਲ੍ਹ ਗਿਆ ॥
ਅਧਮੋਇਆ ਜਿਸਮ ਬਣਾ ਦਿੰਦਾ ਇਹ ਸੱਲ ਜੋ ਵਿਛੜੇ ਹਾਣੀ ਦਾ ।
ਨੈਣਾਂ ਦੇ ਕੋਏ ਸਾੜ ਦਏ ਵੇਗ ਖੂਨੋਂ ਬਣਦੇ ਪਾਣੀ ਦਾ ।
ਮੇਰੇ ਸਾਹਾਂ ਦੇ ਵਿੱਚ ਸਾਹ ਬਣਕੇ ਨੇ ਪੀੜਾਂ ਤੇਰੀਆਂ ਘੁਲ਼ ਗਈਆਂ ।
ਸਭ ਰੰਗ ਤਮਾਸ਼ੇ ਖੋ ਗਏ ਨੇ ਤੇ ਸੱਭੇ ਮਹਿਫਿਲਾਂ ਰੁਲ਼ ਗਈਆਂ ॥
ਕੋਈ ਤੇਰੇ ਜਿਹਾ 'ਪੰਜਾਬੀ' ਨਾ ਭਾਉਂਦਾ ਇਹ ਜਿੰਦ ਨਿਮਾਣੀ ਨੂੰ ।
ਮੈਂ ਸੋਚਾਂ ਕੀ ਸਿਰਲੇਖ ਦਿਆਂ ਇਸ ਆਪਣੀ ਪ੍ਰੇਮ ਕਹਾਣੀ ਨੂੰ ॥

No comments:

Post a Comment