ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, June 15, 2019

ਮੈਂ ਇੱਕ ਮੂਰਖ ਔਰਤ ਨੂੰ ਜਾਣਦਾ ਹਾਂ - ਅਮਨ ਅਜ਼ੀਜ਼

ਮੈਂ ਇੱਕ ਮੂਰਖ ਔਰਤ ਨੂੰ ਜਾਣਦਾ ਹਾਂ
ਜੋ ਮੇਰੇ ਘਰ ਵਿੱਚ ਹੀ
ਮੇਰੇ ਦਿਲ ਦੇ ਕਰੀਬ ਰਹਿੰਦੀ ਹੈ
ਮੇਰਾ ਅੱਬੂ
ਕੋਲੇ ਪਿਆ ਪਾਣੀ ਦਾ ਗਿਲਾਸ
ਉਸ ਕੋਲੋਂ ਚੁਕਵਾਉਂਦਾ ਹੈ
ਉਹ ਹੁਕਮ ਦਿੰਦਾ ਹੈ
ਅਤੇ ਉਹ ਮੂਰਖ ਔਰਤ
ਆਪਣੇ ਦੁੱਖਦੇ ਗੋਡਿਆਂ ਨਾਲ
ਉੱਠ ਕੇ ਉਸਦਾ ਹੁਕਮ ਮੰਨਦੀ ਹੈ
ਕਦੇ ਕੁਤਾਈਂ ਸਬਜ਼ੀ 'ਚ ਮਿਰਚ
ਵੱਧ ਘੱਟ ਹੋ ਜਾਣ ਕਾਰਨ
ਉਹ ਮਰਦ
ਉਸ ਮੂਰਖ ਔਰਤ ਦੇ
ਮੂਰਖ ਮਾਪਿਆਂ ਤੱਕ ਨੂੰ ਭੰਡਦਾ ਹੈ
ਹਾਂ...
ਉਹ ਬਹੁਤ ਮੂਰਖ ਔਰਤ ਹੈ
ਮੁਹੱਬਤ 'ਚ ਭਿੱਜੀ
ਉਹ ਮੂਰਖ ਔਰਤ
ਜੋ ਕਿ ਮੇਰੀ ਅੰਮੀ ਹੈ
ਨੂੰ ਮੇਰੇ ਅੱਬੂ ਦੇ ਨਫਰਤ ਭਰੇ ਬੋਲ
ਰੂਹਾਨੀ ਉਪਦੇਸ਼ ਜਾਪਦੇ ਹਨ
ਹਾਂ ਸੱਚ...
ਮੁਹੱਬਤ 'ਚ ਭਿੱਜੇ ਲੋਕ ਮੂਰਖ ਹੀ ਤਾਂ ਹੁੰਦੇ ਹਨ

ਅਮਨ ਅਜ਼ੀਜ਼

No comments:

Post a Comment