ਪਿੰਡ ਵਾਲੀ ਕਰਿਆਨੇ ਦੀ ਦੁਕਾਨ 'ਤੇ ਮੈਂ ਕੁਝ ਕੁ ਜਰੂਰੀ ਸਮਾਨ ਲੈਣ ਗਿਆ ਤਾਂ ਦੁਕਾਨ 'ਚ ਬਾਪੂ ਹਰਨਾਮ ਸਿਓ ਸਬਜੀ ਵਾਲੇ ਪਕੋੜਿਆ ਦਾ ਪੈਕਟ ਖਰੀਦ ਰਿਹਾ ਸੀ।
"ਪੁੱਤ, ਕਿੰਨੇ ਦਾ ਭਲਾ ਇਹ ਪੈਕਟ...?" ਬਾਪੂ ਨੇ ਪੈਕਟ ਨੂੰ ਹੱਥ ਵਿੱਚ ਫੜ ਪੈਕਟ 'ਤੇ ਨਜਰ ਫੇਰਦਿਆ ਪੁੱਛਿਆ।
" ਬਾਪੂ ਪੰਚਵੰਜਾ ਰੁਪਏ ਦਾ" ਦੁਕਾਨਦਾਰ ਨੇ ਖੰਡ ਵਾਲੀ ਬੋਰੀ ਖੋਲਦਿਆ ਕਿਹਾ।
"ਪੁੱਤ ਭਲਾ ਕੋਈ ਏਦੂ ਨਿੱਕਾ ਹੈਨੀ...?" ਬਾਪੂ ਨੇ ਗੀਜੇ ਵਿੱਚੋ ਬਟੂਆ ਕੱਢਦਿਆ ਪੁੱਛਿਆ।
"ਬਾਪੂ ਇਹ ਅੱਧਾ ਕਿਲੋ ਵਾਲਾ ਹੈਗਾ ਪੰਤਾਲੀ ਰੁਪਏ ਦਾ, ਪਰ ਪੰਜਵੰਜਾ ਰੁਪਏ ਚ ਕਿਲੋ ਪਕੋੜੇ ਨੇ, ਕੰਪਨੀ ਦੀ ਸਕੀਮ ਕਰਕੇ.....ਤੁਹਾਨੂੰ ਇਹ ਪੰਚਵੰਜਾ ਰੁਪਏ ਵਾਲਾ ਪੈਕਟ ਲੈਣ 'ਚ ਹੀ ਫਾਇਦਾ।"
"ਪੁੱਤ ਮੇਰੇ ਕੋਲ ਤਾਂ ਹੁਣ ਪੰਜਾਹ ਹੀ ਨੇ, ਤੂੰ ਏਦਾ ਕਰ ਇਹ ਪੰਤਾਲੀਆ ਵਾਲਾ ਹੀ ਦੇਦੇ..."।
"ਬਾਪੂ ਤੂੰ ਇਹ ਪੰਚਵੰਜਾ ਵਾਲਾ ਹੀ ਲੈਜਾ, ਪੰਜ ਰੁਪੇ ਫਿਰ ਦੇਜੀ.." ਦੁਕਾਨਦਾਰ ਨੇ ਪੈਕਟ ਨੂੰ ਲਿਫਾਫੇ ਵਿੱਚ ਪਾ ਕੇ ਬਾਪੂ ਦੇ ਅੱਗੇ ਕੀਤਾ।
"ਨਾ ਪੁੱਤ ਨਾ, ਤੂੰ ਪੰਤਾਲੀ ਵਾਲਾ ਹੀ ਦੇ ਦੇ, ਪੰਚਵੰਜਾ ਵਾਲਾ ਲੈ ਕੇ ਮੈਂ ਤੇਰਾ ਪੰਜ ਰੁਪਏ ਦਾ ਦੇਣਦਾਰ ਹੋਜੂ, ਪੰਤਾਲੀ ਵਾਲਾ ਲੈ ਕੇ ਨਾਲੇ ਮੇਰੇ ਕੋਲ ਪੰਜ ਰੁਪਏ ਬਚ ਜਾਣਗੇ ਨਾਲੇ ਮੈਂ ਕਿਸੇ ਦਾ ਦੇਣਦਾਰ ਨੀ ਹੋਣਾ....।" ਦੁਕਾਨਦਾਰ ਤੋ ਪੰਜ ਰੁਪੇ ਅਤੇ ਪਕੋੜਿਆ ਵਾਲਾ ਪੈਕਟ ਫੜ ਬਾਪੂ ਦੁਕਾਨੋ ਬਾਹਰ ਗੁਣਗਣਾਉਦਾ ਹੋਇਆ ਚਲਾ ਗਿਆ। ਮੈਂ ਕਿੰਨਾ ਹੀ ਚਿਰ ਬਾਪੂ ਨੂੰ ਜਾਂਦੇ ਹੋਏ ਨੂੰ ਨੀਝ ਨਾਲ ਦੇਖਦਾ ਰਿਹਾ।
#ਸਤਵਿੰਦਰ_ਸਿੰਘ_ਅਰਾਈਆਂਵਾਲਾ
No comments:
Post a Comment