ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 5, 2017

Ugian Ujara Vich - Ranbir Badwal

ਉੱਗੀਆਂ ਉਜਾੜਾਂ ਵਿੱਚ
ਥੋਹਰਾਂ ਕੰਡਿਆਲੀਆਂ ਦੇ
ਵਾਂਗਰਾਂ ਏ ਲਿਖੇ ਸਾਡੇ ਲੇਖ ਵੇ
ਫੁੱਲਾਂ ਦੀਆਂ ਮਹਿਕਾਂ ਨੂੰ
ਹੰਡਾਅ ਕੇ ਜਾਣ ਵਾਲਿਆ ਵੇ
ਮੁੜ ਕੇ ਤਾਂ ਆਣ ਕਦੇ ਵੇਖ ਵੇ
ਸ਼ਿਖਰ ਦੁਪਹਿਰੇ ਪੀੜਾਂ
ਦਿਲਾਂ ਵਾਲੇ ਦਰ ਮੱਲੇ
ਪਾ ਕੇ ਸੂਹੇ ਅਗਨ ਵਰੇਸ ਵੇ
ਸੂੰਨੇ ਸੂੰਨੇ ਵਿਹੜਿਆਂ ਚੋਂ
ਬਿਰਹੋਂ ਦੇ ਗੀਤ ਗਾ ਕੇ
ਮੰਗਦੀਆਂ ਵਸਲਾਂ ਦੀ ਭੇਖ ਵੇ
ਪਾਟੇ ਹੋਏ ਬੱਦਲਾਂ ਦੇ
ਝੱਗੇ ਪਾ ਕੇ ਚਾਨਣੀ ਵੀ
ਟੁਰ ਚੱਲੀ ਕਿਹੜੇ ਪਰਦੇਸ ਵੇ
ਪੀੜਾਂ ਦੇ ਗਲੋਟੇ ਚਾੜ
ਯਾਦਾਂ ਵਾਲੇ ਤੱਕਲੇ ਤੇ
ਕੱਤੀ ਜਾਵੇ ਹਿਜ਼ਰਾਂ ਦੇ ਖੇਸ ਵੇ
ਮੰਗਤੀ ਮੈ ਬਣ ਖੜੀ
ਤੇਰੀਆ ਬਰੂਹਾਂ ਉੱਤੇ
ਤਨ ਉੱਤੇ ਪਾਟੇ ਮੇਰੇ ਵੇਸ ਵੇ
ਸਾਡਿਆਂ ਨਸੀਬਾਂ ਵਿੱਚ
ਲਿਖ ਦਿੱਤੇ ਕਾਹਤੋਂ ਰੱਬਾ
ਭੱਖੜੇ ਦੇ ਕੰਡਿਆਂ ਜਏ ਲੇਖ ਵੇ
ਉਮਰ ਹੰਡਾਈ ਸਾਰੀ
ਤੇਰਿਆਂ ਵਿਯੋਗਾਂ ਵਿੱਚ
ਲੱਭਿਆ ਨਾ ਕਿਤੇ ਤੇਰਾ ਦੇਸ ਵੇ
ਖੌਰੇ ਕਿੰਨ ਠੋਕ ਦਿੱਤੀ
ਵਸਲਾਂ ਦੀ ਰੇਖ ਵਿੱਚ
ਉਮਰਾਂ ਲਈ ਗਮਾਂ ਵਾਲੀ ਮੇਖ ਵੇ
ਉੱਗੀਆਂ ਉਜਾੜਾਂ ਵਿੱਚ
ਥੋਹਰਾਂ ਕੰਡਿਆਲੀਆਂ ਦੇ
ਵਾਂਗਰਾਂ ਏ ਲਿਖੇ ਸਾਡੇ ਲੇਖ ਵੇ
ਫੁੱਲਾਂ ਦੀਆਂ ਮਹਿਕਾਂ ਨੂੰ
ਹੰਡਾਅ ਕੇ ਜਾਣ ਵਾਲਿਆ ਵੇ
ਮੁੜ ਕੇ ਤਾਂ ਆਣ ਕਦੇ ਵੇਖ ਵੇ
....ਰਣਬੀਰ

No comments:

Post a Comment