ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Man Di Phati - Rashmi Sharma

ਮਨ ਦੀ ਫੱਟੀ, ਅੱਖਰ ਕਾਲੇ
ਕੀਕਣ ਅੱਖਰ ਜਾਣ ਸੰਭਾਲੇ
ਇਹ ਫੱਟੀ; ਮੈਂ ਭਿੱਜਣ ਪਾਵਾਂ
ਹਰ ਦਿਨ ਪੋਚਾਂ, ਧੁੱਪ ਲੁਆਵਾਂ
ਉੱਕਰੇ ਮੁੜ ਬਦਗੋਈ ਵਾਲੇ
ਨਾ ਇਹ ਅੱਖਰ , ਜਾਣ ਸੰਭਾਲੇ
ਗੂੜੇ ਅੱਖਰ , ਫੱਟੀ ਸੁੱਕੀ
ਅੜੀਓ ਮੇਰੀ ਗਾਚੀ ਮੁੱਕੀ
ਸੁੱਕੇ ਹੰਝੂ ਅੱਖਾ ਵਾਲੇ
ਹਾੜਾ ! ਅੱਖਰ ਮੂਲੋਂ ਕਾਲੇ
ਫੱਟੀ ਪੋਚਾਂ, ਦੱਸ ਦੇ ਹੀਲਾ
ਹੋ ਜੁ ਰੰਗ ਓੜਕ ਨੂ ਨੀਲਾ
ਲੜ ਜਾਵਣਗੇ ਵਿਸ਼ਿਯਰ ਕਾਲੇ
ਹਾਏ! ਅੱਖਰ , ਨਾਗਾਂ ਪਾਲੈ
ਮੂੰਹੋ ਜਦ ਭੀ ਅੱਖਰ ਬੋਲੇਂ
ਬੋਲਨ ਲੱਗੇ ਕਿਓਂ ਨਾ ਤੋਲੇਂ
ਮੱਕੜੀ ਵਾਂਗੂ ਬੁਣਦੀ ਜਾਲੇ
ਇਹ ਅੱਖਰ ਨਾ ਜਾਨੇ ਨਾਲੇ
ਅਖਰਾਂ ਦੀ ਨਾ ਸਾਰ ਏ ਤੈਨੂੰ
ਐਡਾ ਕੇਹਾ ਭਾਰ ਏ ਤੈਨੂੰ
ਚਲਦੀ ਕਯੋਂ ਨਾ ਵਕਤੀ ਚਾਲੇ
ਨੀ ਮੈਂ ਅੱਖਰ ਰੀਝਾਂ ਪਾਲੇ
ਮੈਨੂ ਮੇਰੇ ਅੱਖਰ ਦੇ ਜਾ
ਆਪਣੇ ਮੈਥੋਂ ਵਾਪਿਸ ਲੈ ਜਾ
ਭੁੱਗਦੇ ਨਾ ਹੁਣ ਘਾਲੇ -ਮਾਲੇ
ਅੱਖਰ ਲਭ ਦੇ ਸਾਲਾਂ ਗਾਲੇ
ਮਾਏ ਨੀ ਕੋਈ ਵੈਦ ਬੁਲਾਦੇ
ਰੂਹੇ ਚੰਦਨ ਲੇਪ ਕਰਾਦੇ
ਫੱਟੀ ਦੁਧਾਂ ਵਿਚ ਉਬਾਲੇ
ਚਿੱਟੇ ਹੋਵਣ ਅੱਖਰ ਕਾਲੇ
ਸਬਰਾਂ ਦਾ ਤਰਖਾਣ ਬੁਲਾਵਾਂ
ਹਾਵਾਂ ਦਾ ,ਹਥ ਰੰਦਾ ਫੜਾਵਾਂ
ਘੜ ਜਾ ਫੱਟੀ ਕਰਮਾਂ ਵਾਲੇ
'ਰਸ਼ਮੀ' ਅੱਖਰ ਰੱਖੇ ਤਾਲੇ

No comments:

Post a Comment