ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Gazal - Krishna Bhanot

ਭਲਾ ਕਿੰਨੇ ਕੁ ਟੁੱਟੇ ਨੇ , ਮੈਂ ਖ਼ਾਬਾਂ ਦੀ ਕਰਾਂ ਗਿਣਤੀ ,
ਅਜੇ ਕਿੰਨੇ ਕੁ ਬਾਕੀ ਨੇ , ਅਜ਼ਾਬਾਂ ਦੀ ਕਰਾਂ ਗਿਣਤੀ।
ਤਿਰੀ ਕੁਰਸੀ ਦੇ ਪਾਵੇ ਹੇਠ ਤੂੰ ਗਿਣ ਕਿੰਨੀਆਂ ਲਾਸ਼ਾਂ,
ਮਿਰੀ ਕੁਰਸੀ ਤੇ ਪਈਆਂ , ਮੈਂ ਕਿਤਾਬਾਂ ਦੀ ਕਰਾਂ ਗਿਣਤੀ।
ਪੁੜ੍ਹੇ ਹੋਏ ਜੁ ਕੰਡੇ ਪੋਟਿਆਂ ਵਿਚ, ਗਿਣ ਲਵਾਂ ਪਹਿਲਾਂ ,
ਮਿਲੇ ਫ਼ੁਰਸਤ ਜਦੋਂ, ਮੈਂ ਫਿਰ ਗ਼ੁਲਾਬਾਂ ਦੀ ਕਰਾਂ ਗਿਣਤੀ।
ਤੁਸੀਂ ਕਹਿੰਦੇ ਓ , ਮਾਂ ਬੋਲੀ ਪੰਜਾਬੀ ਖ਼ਤਮ ਹੋ ਜਾਣੀ ,
ਮੈਂ ਦੁਨੀਆਂ ਭਰ 'ਚ ਜੋ ਫੈਲੇ , ਪੰਜਾਬਾਂ ਦੀ ਕਰਾਂ ਗਿਣਤੀ।
ਕੁਈ ਪੁਸਤਕ ਜੇ ਮਿਲ ਜਾਵੇ , ਫੜਾ ਦੇਵੋ ਮੈਂ ਓਨਾ ਚਿਰ ,
ਤੁਹਾਡੀ ਬਾਰ ਵਿਚ ਸਜੀਆਂ , ਸ਼ਰਾਬਾਂ ਦੀ ਕਰਾਂ ਗਿਣਤੀ।
ਇਹ ਡਾਰਾਂ ਬੰਨ੍ਹਕੇ ਆਉਂਦੇ ਨੇ, ਲੇਖਾ ਕਿਸ ਤਰ੍ਹਾਂ ਰੱਖਾਂ ,
ਭਲਾ ਮੈਂ ਕਿਸ ਤਰ੍ਹਾਂ ਗ਼ਮ ਬੇਹਿਸਾਬਾਂ ਦੀ ਕਰਾਂ ਗਿਣਤੀ।
ਮਹਾਨ ਆਖਾਂ ਕਿਵੇਂ ਨਾ ਮੈਂ , ਮਿਰੇ ਭਾਰਤ ਮਹਾਨ ਅੰਦਰ ,
ਨ ਡੱਕਾ ਤੋੜਦੇ ਜਿਹੜੇ , ਨਵਾਬਾਂ ਦੀ ਕਰਾਂ ਗਿਣਤੀ।
ਮਿਲੇਗੀ ਕਾਮਯਾਬੀ ਹੌਸਲਾ ਕਰ , ਕ੍ਰਿਸ਼ਨ ਤੈਂਨੂੰ ਵੀ ,
ਮਿਰੇ ਵਰਗੇ ਜੁ ਹੋਏ , ਕਾਮਯਾਬਾਂ ਦੀ ਕਰਾਂ ਗਿਣਤੀ।

No comments:

Post a Comment