#ਅਜੀਬ ਵਰਤਾਰਾ !
ਰਹੀ ਲੋੜ ਦੀ ਨਾ ਗੱਲ,
ਬਹੁਤੀ ਰੀਸ ਹੈ ਅਵੱਲ,
ਸਾਦਗੀਆਂ ਦੇ ਮਹੱਲ,
ਮਿੱਟੀ ਚ ਮਿਲਾ ਗਿਆ।
ਭੈੜਾ ਪੈਲੇਸਾਂ ਦਾ ਪੈ ਗਿਆ ਰਿਵਾਜ਼ ਖਾ ਗਿਆ।
ਜੀ ਭੈੜਾ ਪੈਲੇਸਾਂ ਦਾ..............
ਗਿੱਧੇ-ਭੰਗੜੇ ਦੀ ਖੇਡਾਂ,
ਦਾਦੀ-ਨਾਨਕੀਆਂ ਦੀ ਝੇਢਾਂ,
ਜਿਵੇਂ ਬਣਕੇ ਛਲੇਡਾ,
ਸੰਘ ਚ ਲੰਘਾ ਗਿਆ।
ਭੈੜਾ ਦਾ ਪੈਲੇਸਾਂ ਪੈ ਗਿਆ ਰਿਵਾਜ਼ ਖਾ ਗਿਆ।
ਜੀ ਭੈੜਾ ਪੈਲੇਸਾਂ ਦਾ..........
ਗੁੰਮੇ ਘੋੜੀਆਂ, ਸੁਹਾਗ,
ਸਿੱਠਣੀਆਂ ਵਾਲੇ ਰਾਗ,
ਠੱਗ ਲਾਗੀਆਂ ਤੋਂ ਲਾਗ,
ਝੋਲ੍ਹੀਆਂ ਭਰਾ ਗਿਆ।
ਭੈੜਾ ਪੈਲੇਸਾਂ ਦਾ ਪੈ ਗਿਆ ਰਿਵਾਜ਼ ਖਾ ਗਿਆ।
ਜੀ ਭੈੜਾ ਪੈਲੇਸਾਂ ਦਾ............
ਕਿਤੇ ਚੜ੍ਹਦੀ ਨਾ ਭੱਠੀ,
ਕੀ ਮੁੰਡ੍ਹੀਰ ਹੋਵੇ ਕੱਠੀ,
ਰੋਲ਼ੀ ਪਾਵੇ ਭੱਜੀ - ਨੱਠੀ,
ਹਲਵਾਈ ਆ ਗਿਆ।
ਭੈੜਾ ਪੈਲੇਸਾਂ ਦਾ ਪੈ ਗਿਆ ਰਿਵਾਜ਼ ਖਾ ਗਿਆ।
ਜੀ ਭੈੜਾ ਪੈਲੇਸਾਂ ਦਾ..................
ਭਾਂਡੇ, ਮੰਜੇ, ਬਿਸਤਰੇ..,
ਕਾਹਤੋ ਕੱਠੇ ਕੋਈ ਕਰੇ,
ਜੇ ਕੋਈ ਘਰ ਹੀ ਨਾ ਵੜੇ,
ਉੰਝ ਮੇਲ਼ ਆ ਗਿਆ।
ਭੈੜਾ ਪੈਲੇਸਾਂ ਦਾ ਪੈ ਗਿਆ ਰਿਵਾਜ਼ ਖਾ ਗਿਆ।
ਜੀ ਭੈੜਾ ਪੈਲੇਸਾਂ ਦਾ.........
ਭਾਵੇਂ ਆਈ ਹੁੰਦੀ ਜੰਨ,
ਨਾਲ ਪੂਰੀ ਧੰਨ ਧੰਨ,
ਕਾਹਦੇ ਰੰਗ ਦਿੱਤੇ ਬੰਨ੍ਹ,
ਘਰੇ ਨ੍ਹੇਰ ਛਾ ਗਿਆ।
ਭੈੜਾ ਪੈਲੇਸਾਂ ਦਾ ਪੈ ਗਿਆ ਰਿਵਾਜ਼ ਖਾ ਗਿਆ।
ਜੀ ਭੈੜਾ ਪੈਲੇਸਾਂ ਦਾ..............
ਆਏ #ਰੋਮੀਆਂ #ਘੜਾਮੇਂ,
ਫੁੱਫੇ, ਮਾਸੜ ਤੇ ਮਾਮੇ,
ਕੋਈ ਦੁਪਹਿਰੇ, ਕੋਈ ਸ਼ਾਮੇ,
ਸ਼ਗਨ ਫੜਾ ਗਿਆ।
ਭੈੜਾ ਪੈਲੇਸਾਂ ਦਾ ਪੈ ਗਿਆ ਰਿਵਾਜ਼ ਖਾ ਗਿਆ।
ਜੀ ਭੈੜਾ ਪੈਲੇਸਾਂ ਦਾ............
ਵਿਆਹ ਸੀ ਰੂਹਾਂ ਦਾ ਜੋ ਮੇਲ,
ਗੱਲਾਂ ਗੱਪਾਂ ਨੂੰ ਸੀ ਵਿਹਲ,
ਬਣ ਜਿੰਦਗੀ ਦੀ ਜੇਲ੍ਹ,
ਕਰਜ਼ਾ ਚੜਾ ਗਿਆ।
ਭੈੜਾ ਪੈਲੇਸਾਂ ਦਾ ਪੈ ਗਿਆ ਰਿਵਾਜ਼ ਖਾ ਗਿਆ।
ਜੀ ਭੈੜਾ ਪੈਲੇਸਾਂ ਦਾ ਪੈ ਗਿਆ ਰਿਵਾਜ਼ ਖਾ ਗਿਆ। -2
No comments:
Post a Comment