ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 12, 2017

Mere Pind Diye - Surjit Bhullar

ਮੇਰੇ ਪਿੰਡ ਦੀਏ ਰੁਮਕਦੀਏ ਹਵਾਏ,
ਜਾ ਕਹਿ ਆ,ਮੇਰੇ ਦਿਲ ਦੇ ਟੁਕੜੇ ਨੂੰ
ਜੋ ਵਿਸਾਰ ਕੇ ਦਿਲ ਦੇ ਰਿਸ਼ਤਿਆਂ ਨੂੰ
ਪਰਦੇਸੀ ਹੋ ਗਿਆ,
ਉੱਥੋਂ ਦਾ ਹੀ ਪੱਕਾ ਵਾਸੀ ਹੋ ਗਿਆ।
.
ਅੜੀਏ, ਜਾ ਆਖੀਂ ਉਹਨੂੰ,
'ਤੇਰੀ ਮਾਂ ਨੂੰ ਤੇਰੀ ਯਾਦ ਸਤਾਉਂਦੀ ਏ,
ਆਪਣੇ ਖੂਨ ਦੀ ਖਿੱਚ ਰੁਆਉਂਦੀ ਏ।
ਉਮਰ ਦੇ ਇਸ ਪੜਾਅ ਤੇ ਮਿਲਣ ਦੀ
ਆਸ ਤੜਫਾਉਂਦੀ ਏ।
ਮੇਰੇ ਹਰ ਪਲ ਦੀ ਸੋਚ,
ਮੇਰੇ ਹਰ ਛਿਣ ਦੀ ਉਡੀਕ
ਤੇਰੇ ਰਾਹਾਂ 'ਚ ਵਿਛੀ ਰਹਿੰਦੀ ਹੈ,
ਤੈਨੂੰ ਰੋ-ਰੋ ਬੁਲਾਉਂਦੀ ਏ।
ਤੈਨੂੰ ਦੇਖਣ ਵਾਲੀਆਂ ਅੱਖਾਂ
ਮੋਤੀਆ-ਬੰਦ ਹੋ ਗਈਆਂ ਨੇ।
ਭੁੱਲ-ਭੁਲੇਖੇ ਜੇ ਕਿਤੇ ਆ ਦੇਖੇਂ,
ਸ਼ਾਇਦ ਤੇਰਾ ਰੂਪ ਵੀ ਨਾ ਮੈਂ ਦੇਖ ਸਕਾਂ।
ਘਰ ਵਿੱਚ ਤੇਰੇ ਹਾਸੇ,ਤੇਰੀਆਂ ਪੈੜ੍ਹਾਂ,
ਅਹਿਸਾਸਾਂ ਨਾਲ ਜੁੜੀਆਂ ਅਣਗਿਣਤ ਯਾਦਾਂ,
ਹੁਣ ਆਸਾਂ ਦੀ ਭੱਠੀ 'ਚ ਭੁੱਜ ਰਹੀਆਂ ਨੇ।
ਮੇਰੀ ਯਾਦ ਸ਼ਕਤੀ ਭਾਵੇਂ ਸਾਥ ਦੇਣੋਂ।
ਇਨਕਾਰੀ ਹੋ ਗਈ ਏ।
ਪਰ ਮੈਂ,ਤੈਨੂੰ ਨਹੀਂ ਭੁੱਲੀ,
ਦਿਨ ਰਾਤ ਤੈਨੂੰ ਅਵਾਜਾਂ ਮਾਰਦੀ ਹਾਂ।
ਮੈਨੂੰ ਲੱਗਦੈ,ਇੱਕ ਸੁਪਨਾ ਸੀ,ਜੋ ਬੀਤ ਗਿਆ।
ਪਰ ਹਾਲੇ ਵੀ ਇੱਕ ਸੁਪਨਾ ਹੈ,
ਮੇਰੇ ਪੂਰਨਮਾਸ਼ੀ ਦੇ ਚੰਨਾਂ,
ਤੈਨੂੰ ਸੀਨੇ ਨਾਲ ਲਾਉਂਣ ਦਾ,
ਮੇਰਾ ਅਧੂਰਾ ਸਪਨਾ।
ਕੀ ਕਦੇ ਪੂਰਾ ਕਰੇਂਗਾ?'
.
ਐ ਹਵਾ! ਜਾ ਦੇ ਆ ਇਹ ਸਨੇਹਾ
ਮੇਰੇ ਦਿਲ ਦੇ ਟੁਕੜੇ ਨੂੰ,
ਜੋ ਪਰਦੇਸ ਜਾ ਵੱਸਿਆ,
ਵਿਸਾਰ ਕੇ ਦਿਲ ਦੇ ਰਿਸ਼ਤੇ ਨੂੰ।
- 0-
ਸੁਰਜੀਤ ਸਿੰਘ ਭੁੱਲਰ - 09-12-2017

No comments:

Post a Comment