ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 22, 2017

Sive Da Seak - Hardeep Kaur Sandhu





ਸਿਵੇ ਦਾ ਸੇਕ - (ਮਿੰਨੀ ਕਹਾਣੀ)

ਸਿਵੇ 'ਚੋਂ ਉਠਦੇ ਧੂੰਏਂ ਨਾਲ਼ ਚਾਨਣ ਧੁੰਦਲਾ ਹੋ ਗਿਆ ਸੀ। ਬਲ਼ਦੇ ਸਿਵੇ ਦੀ ਤਿੜ -ਤਿੜ 'ਚ ਮੇਰੀਆਂ ਸਿਸਕੀਆਂ ਦੀ ਆਵਾਜ਼ ਕਿਧਰੇ ਗੁੰਮ ਹੋ ਰਹੀ ਸੀ। ਉਸ ਦੇ ਦਿਲ 'ਚ ਦਫ਼ਨ ਕੋਈ ਗੁੱਝਾ ਰਾਜ਼ ਅੱਜ ਏਸ ਧੂੰਏਂ ਨਾਲ ਧੂੰਆਂ ਹੋ ਗਿਆ ਸੀ। ਪਰ ਇਸ ਦੀ ਸਾਂਝ ਪਾਉਣ ਤੋਂ ਖ਼ੌਰੇ ਉਹ ਅਖ਼ੀਰ ਤੱਕ ਕਿਉਂ ਝਿਜਕਦਾ ਰਿਹਾ ?ਅੱਜ ਕਿਸੇ ਕੋਲ ਕਹਿਣ ਕਹਾਉਣ ਨੂੰ ਬਹੁਤਾ ਕੁਝ ਨਹੀਂ ਸੀ। ਤਰਲ ਅੱਖਾਂ ਨਾਲ਼ ਬਾਤਾਂ ਪਾਉਂਦੇ ਹੰਝੂਆਂ ਦੇ ਹੁੰਗਾਰੇ ਹੁਣ ਹਉਕੇ ਭਰ ਰਹੇ ਸਨ।
ਸਿਵਾ ਹੁਣ ਬਲ ਚੁੱਕਿਆ ਸੀ ਤੇ ਪਿੰਡ ਵਾਲ਼ੇ ਵੀ ਘਰੀਂ ਪਰਤ ਰਹੇ ਸਨ। ਪਰ ਮਘਦੇ ਸਿਵੇ ਦੀ ਰਾਖ ਨੇ ਮੈਨੂੰ ਉਥੇ ਹੀ ਰੋਕ ਲਿਆ ਸੀ,"ਉਹ ਅਪਣੱਤ ਦੀ ਬੁੱਕਲ਼ 'ਚੋਂ ਨਿਕਲ ਸੱਖਣਤਾ 'ਚ ਲਿਪਟ ਕਿਉਂ ਆਪਣੇ ਵਜੂਦ ਨੂੰ ਖੁਦ ਮਾਰਦਾ ਰਿਹਾ ? ਇਸ ਗੱਲ ਦਾ ਅਹਿਸਾਸ ਉਸ ਨੂੰ ਕਦੇ ਹੋਇਆ ਹੀ ਨਹੀਂ ਸੀ ਜਾਂ ਉਹ ਸਦਾ ਹੀ ਇਸ ਨੂੰ ਮੰਨਣ ਤੋਂ ਇਨਕਾਰੀ ਰਿਹਾ। ਜ਼ਿੰਦਗੀ ਦੇ ਅੰਤਿਮ ਪੜਾਅ 'ਤੇ ਅੱਪੜ ਸ਼ਾਇਦ ਉਹ ਜੰਮ ਚੁੱਕੇ ਅੱਥਰੂ ਧੋ ਕੇ ਇਸ ਦੀ ਅਸਹਿ ਚਿਣਗ ਦੇ ਸੇਕ ਤੋਂ ਸੁਰਖ਼ਰੂ ਹੋਣ ਲਈ ਜ਼ਰੂਰ ਲੋਚਦਾ ਹੋਣੈ।"
     ਕੁਝ ਪਲਾਂ 'ਚ ਹੀ ਉਹ ਤਾਂ ਇੱਕ ਰਾਖ ਦੀ ਢੇਰੀ ਬਣ ਗਿਆ ਸੀ, "ਰਿਸ਼ਤਿਆਂ ਦੇ ਬਦਲਦੇ ਰੰਗਾਂ ਦਾ ਤਸੱਵਰ ਉਸ ਨੂੰ ਸਾਥੋਂ ਕੋਹਾਂ ਦੂਰ ਲੈ ਗਿਆ ਸੀ। ਟੁੱਟ -ਭੱਜ ਹੁੰਦੀ ਰਹੀ ਸਾਡੀਆਂ ਸਾਂਝਾ ਵਿੱਚ। ਉਹ ਤਾਂ ਉਸ ਰਿਸ਼ਤੇ ਦੀ ਹੋਂਦ ਤੋਂ ਹੀ ਮੁਨਕਰ ਹੋ ਗਿਆ ਸੀ ਜਿਸ ਨੇ ਉਸ ਦੀ ਰੂਹ ਨੂੰ ਸਿੰਜਿਆ ਤੇ ਸੰਵਾਰਿਆ ਸੀ । ਉਸ ਰਿਸ਼ਤੇ ਨੇ ਤਾਂ ਉਸ ਨੂੰ ਆਪਣੇ ਆਪੇ ਦੀ ਆਭਾ ਮੰਨਿਆ ਸੀ। ਪਰ ਉਹ ਕਦੇ ਵੀ ਉਸ ਦੇ ਸਿਦਕ ਦਾ ਹਾਣੀ ਬਣਨ ਜੋਗਾ ਕਿਉਂ ਨਾ ਹੋਇਆ?"
ਅਖ਼ੀਰਲੇ ਪਲਾਂ 'ਚ ਨਿਭਣ ਨਿਭਾਉਣ ਵਾਲੇ ਰਿਸ਼ਤਿਆਂ 'ਚ ਵੱਸਦਾ ਵੀ ਉਹ ਇੱਕਲਤਾ ਨਾਲ ਭਰਦਾ ਅੰਦਰੋਂ -ਅੰਦਰੀਂ ਘੁਲ਼ਦਾ ਰਿਹਾ। ਹਰ ਵਾਰ ਕਾਲਜਿਓਂ ਉਠਦੀ ਟੀਸ ਨੂੰ ਪਤਾ ਨਹੀਂ ਉਹ ਹੋਰ ਘੁੱਟ ਕੇ ਕਿਵੇਂ ਨੱਪਦਾ ਹੋਣੈ ? ਉਸ ਦੀ ਉਹ ਅਣਕਹੀ ਚੀਸ ਮੈਨੂੰ ਹੁਣ ਵੀ ਪੀੜ -ਪੀੜ ਕਰ ਰਹੀ ਹੈ। ਉਸ ਨੇ ਮੋਹਵੰਤਾ ਫੰਬਾ ਕਿਉਂ ਕਿਸੇ ਨੂੰ ਧਰਨ ਹੀ ਨਹੀਂ ਦਿੱਤਾ ਸੀ? ਪਰ ਘਰ ਦੀਆਂ ਤੈਹਾਂ ਹੇਠ ਉਸ ਦੀਆਂ ਸਾਂਭੀਆਂ ਅਮੁੱਲ ਯਾਦਾਂ ਉਸ ਦੇ ਤੁਰ ਜਾਣ ਤੋਂ ਬਾਦ ਰੁੱਸੇ ਹੋਏ ਪਲਾਂ ਨੂੰ ਮੋੜ ਲਿਆਈਆਂ ਨੇ । ਸਿਵੇ ਦੇ ਸੇਕ ਨੇ ਅੱਜ ਫੇਰ ਜੀਵੰਤ ਕਰ ਦਿੱਤਾ ਹੈ ਬੀਤੀ ਜ਼ਿੰਦਗੀ ਦਾ ਉਮਰਾਂ ਜਿੱਡਾ ਦਸਤਾਵੇਜ਼। ਹੁਣ ਰਾਖ ਦੀ ਢੇਰੀ ਵਿੱਚ ਲੁਪਤ ਉਸ ਦਾ ਵਜੂਦ ਗੁਆਚੇ ਅਮੁੱਲੇ ਰਿਸ਼ਤਿਆਂ ਦਾ ਸਿਰਨਾਵਾਂ ਜ਼ਰੂਰ ਲੱਭਦਾ ਹੋਣੈ।

ਡਾ. ਹਰਦੀਪ ਕੌਰ ਸੰਧੂ

1 comment:

  1. This story is written by - Dr. Hardeep Kaur Sandhu. Could you please correct my name.

    ReplyDelete