ਕਰਾਂ ਤੈਨੂੰ ਸਿਜਦਾ ਪੰਜਾਬੀ ਮਾਂ-ਬੋਲੀ ।
ਖੁਸ਼ੀਆਂ ਦੇ ਨਾਲ ਭਰੀ ਰਹੇ ਝੋਲੀ ।
ਤੇਰੇ ਧੀਆਂ ਪੁੱਤਰ ਹੋਏ ਨਿਰਮੋਹੇ ।
ਛੱਡ ਸੋਨਾ ਚਾਂਦੀ ਖਰੀਦਣ ਜੋ ਲੋਹੇ ।
ਪੰਜਾਬੀ ਨੂੰ ਦੱਸਦੇ ਨੇ ਬੋਲੀ ਜੋ ਦੇਸੀ ।
ਚਗਲਾਂ ਉਹ ਮਾਰਨ ਵਰਤ ਪ੍ਰਦੇਸੀ ।
ਘਰ ‘ਚੋਂ ਕਰਾ ਕੇ ਗਾਇਬ ਊੜਾ-ਆੜਾ ।
ਬਾਹਰੋਂ ਲਿਆਏ ਨੇ ਚੁੱਕ ਕੇ ਕਬਾੜਾ ।
ਬਿਨ ਅੰਗਰੇਜੀ ਨਾ ਹੋਵੇ ਤਰੱਕੀ ।
ਕਹਿਣ ਇਹ ਭਾਸ਼ਾ ਹੈ ਸਭ ਨਾਲੋ ਪੱਕੀ ।
ਨਾਂ ਵੀ ਬਦਲ ਗਏ ਬਦਲੇ ਨੇ ਚਿਹਰੇ ।
ਸਪੁੱਤਰੋਂ ਕਪੁੱਤਰ ਹੋਏ ਲਾਲ ਤੇਰੇ ।
ਸਰਕਾਰਾਂ ਵੀ ਕੀਤੀ ਤੂੰ ਅਧਮੋਈ ।
ਹਰ ਇੱਕ ਨੇ ਮਾਂ ਤੂੰ ਤੱਕਲੇ ਪ੍ਰੋਈ ।
ਵਰਤਦੇ ਬਸ ਤੈਨੂੰ ਵੋਟਾਂ ਦੇ ਵੇਲੇ ।
ਅੱਖ ਫੇਰ ਲੈਣ ਅੰਗਰੇਜਾਂ ਦੇ ਚੇਲੇ ।
ਬਣਾਈ ਜੋ ਹੁਣ ਸਾਡੀ ਭਾਸ਼ਾ ਦੀ ਰਾਣੀ ।
ਹਿੰਦੀ ‘ਚ ਚੁੱਕ ਗਈ ਸਹੁੰ ਬਹੁਤੀ ਸਿਆਣੀ ।
ਹਾਕਮ ਮਾਰੇ ਤੈਨੂੰ ਗੁੱਝੀਆਂ ਹੀ ਮਾਰਾਂ ।
ਪੁੱਛਦਾ ਏ ਕੌਣ ਇਹਨੂੰ ਘੱਗਰ ਤੋਂ ਪਾਰਾਂ ।
ਕੁਰਸੀ ‘ਤੇ ਬਹਿ ਘੁੱਟ ਰਹੇ ਨੇ ਤੇਰਾ ਦਮ ।
ਅੱਜ ਤੈਨੂੰ ਤੀਜੀ ਥਾਂ ਲੈ ਆਏ ਹਾਕਮ ।
ਤੇਰੇ “ਕੁੱਝ ਕੁ” ਲੇਖ਼ਕ ਵੀ ਕਿਹੜਾ ਘੱਟ ਨੇ ।
ਬਸ ਉਹੋ ਹਾਕਮਾਂ ਦੇ ਕੌਲੀ ਚੱਟ ਨੇ ।
ਪੁੱਛ ਓਹਨਾਂ ਦੀ ਸਰਕਾਰਾਂ ‘ਚ ਹੋਵੇ ।
ਨਾਂ ਓਹਨਾਂ ਦਾ ਦਰਬਾਰਾਂ ‘ਚ ਹੋਵੇ ।
ਇੱਕ ਦੋ ਕੁ ਬਾਹਰ ਦੇ ਲੱਗ ਜਾਣ ਗੇੜੇ ।
ਇਹਨਾਂ ਲਈ ਇਹੋ ਨੇ ਖੁਸ਼ੀਆਂ ਦੇ ਖੇੜੇ ।
ਪੰਜਾਬੀ ਜੇ ਪੈਂਦੀ ਪਏ ਢੱਠੇ ਖੂਹੀਂ ।
ਹਾਂ-ਹੂੰ ਹੀ ਕਰਦੇ ਨੇ ਬਸ ਮੂੰਹੋਂ ਮੂੰਹੀਂ ।
ਬਹੁਤੇ ਇਹੋ ਜਿਹੇ ਹਨ ਵੀ ਲਿਖਾਰੀ ।
ਜਿੰਨ੍ਹਾਂ ਬਣਾ ਕੇ ਰੱਖੀ ਤੂੰ ਬੇਚਾਰੀ ।
ਲਿਖਦੇ ਨੇ ਰਚਨਾਵਾਂ ਭਾਰੀ ਤੋਂ ਭਾਰੀ ।
ਪੜ੍ਹਦਾ ਜੇ ਪਾਠਕ ਜਾਂਦੀ ਮੱਤ ਮਾਰੀ ।
ਅੱਜ ਵੀ ਉਦਾਸੀ,ਨਾਨਕ,ਕੰਵਲ ਵਿਕਦੇ ।
ਇਹੋ ਜਿਹਾ ਕਿਉਂ ਤੁਸੀਂ ਸਾਹਿਤ ਨਹੀਂ ਲਿਖਦੇ ।
ਬੜੇ ਮਹਿੰਗੇ ਖਰਚੇ ‘ਤੇ ਛਪਾਓਂ ਕਿਤਾਬਾਂ ।
ਵੰਡੋਂ ਮੁਫਤੋ ਮੁਫਤੀ ਇਹ ਕਿਹੜੇ ਹਿਸਾਬਾਂ !
ਥੋਡੇ ਭਾਰੇ ਸ਼ਬਦਾਂ ਦੀ ਸਮਝ ਨਾ ਆਵੇ ।
ਆਖੋਂ ਪੰਜਾਬੀ ਦਾ ਪਾਠਕ ਨਾ ਥਿਆਵੇ ।
ਜਿੰਦਾ ਜੇ ਰੱਖਣੇ ਹਾਸ਼ਮ,ਬਾਹੂ,ਬੁੱਲੇ ।
ਬਲਦੇ ਜੇ ਰੱਖਣੇ ਮਾਂ ਬੋਲੀ ਦੇ ਚੁੱਲ੍ਹੇ ।
ਜੇ ਸੱਚੇ ਦਿਲੋਂ ਅਪਨਾਉਣੀ ਮਾਂ ਬੋਲੀ ।
ਜੇ ਅੰਬਰ ਦੀ ਟੀਸੀ ਬਿਠਾਉਣੀ ਮਾਂ ਬੋਲੀ ।
ਜੇ ਮਾਂ ਦੀ ਬੋਲੀ ਦਾ ਕਰਜਾ ਚੁਕਾਉਣਾ ।
ਜੇ ਮਾਂ ਦੀ ਬੋਲੀ ਨੂੰ ਹੱਕ ਹੈ ਦਿਵਾਉਣਾ ।
ਆਓ ਕਿ ਰਲ਼ ਕੇ ਸੌਹਾਂ ਅੱਜ ਖਾਈਏ ।
ਛੱਡ ਮਾਂ ਨੂੰ ਕੱਲਿਆਂ ਨਾ ਹੋਰ ਪਾਸੇ ਜਾਈਏ ।
ਭਾਵੇਂ ਜਿਹੜੀ ਮਰਜੀ ਵੀ ਸਿੱਖ ਲਵੋ ਬੋਲੀ ।
ਪਰ ਗੈਰ ਕਰਿਓ ਨਾ ਮਾਂ ਵਾਲੀ ਝੋਲੀ ।
ਪਰ ਗੈਰ ਕਰਿਓ ਨਾ ਮਾਂ ਵਾਲੀ ਝੋਲੀ ।
No comments:
Post a Comment