ਇੱਕ ਜਿੱਤ ਲਈ ਸੋ ਵਾਰੀ ਹਰਨਾ
ਝੂਠ ਹੈ ਜੀਣਾ ਤੇ ਸੱਚ ਹੈ ਮਰਣਾ
ਹੱਕ ਦੇ ਬਦਲੇ ਡੰਡੇ ਹੀ ਮਿਲਣੇ
ਜਦੋ ਕਿਸਾਨਾਂ ਲਾਉਣਾ ਧਰਨਾ
ਤੂੰ ਵੀ ਨੇਤਾ ਬਣ ਜਾਵੇਂਗਾ ਬਾਪੂ
ਝੂਠ ਦੇ ਗਲ ਜੇ ਪਾਏਗਾ ਪਰਨਾ
ਜਿੰਨੇ ਕਮਾਏ ਓਨੇ ਹੀ ਥੋੜੇ
ਫਿਰ ਵੀ ਪੈਸੇ ਬਿਨ ਨਹੀਂ ਸਰਨਾ
ਨਹਿਰ ਚ ਨਹਾਕੇ ਧੁੱਪੇ ਲੇਟਣਾ
ਜਦ ਕਿਨਾਰੇ ਡੰਗਰਾਂ ਚਰਨਾਂ
ਕਿਸੇ ਬਿਨ ਕੋਈ ਕੰਮ ਨਾ ਰੁਕਦਾ
ਤੂੰ ਆਖੇ ਮੇਰੇ ਬਿਨ ਨਹੀਂ ਸਰਨਾ
ਹੁਣ ਨਾ ਚਹਿਕਣ ਚਿੜੀਆਂ ਬਿੱਜੜੇ
ਸੁੰਨੋ ਸਾਨ ਹਰ ਘਰ ਦਾ ਝਰਨਾ
ਅਮਲਾਂ ਖਾ ਲਏ ਨੇ ਪੁੱਤ ਪੰਜਾਬੀ
ਸਾਊ ਹੁਣ ਕੋਈ ਲੱਭਦਾ ਵਰ ਨਾ
ਨਹੀਂ ਸਿਪਾਹੀ ਤੂੰ ਸੱਚਾ ਦਰਦੀ
ਫੜ ਬੰਦੂਕ ਜੇ ਮੌਤ ਤੋਂ ਡਰ ਨਾ
No comments:
Post a Comment