ਲੈ ਸੁਣਦੀ ਏ ਹੁਣ, ਆਹੀ ਕਸਰ ਰਹਿ ਗਈ ਸੀ...
ਕੀ ਹੋਇਆ ਬੀਜੀ... ਸੁੱਖ ਏ.. ਏਨਾ ਬੋਲੀ ਜਾਣੇ ਓ..ਸ਼ਾਂਤੀ ਦੀ ਮਾਂ ਨੇ ਪੁੱਛਿਆ.
ਆ ਹਰ ਕੁਰ ਦੀ ਨੂੰਹ ਤਾਂ ਜਮਾ ਈ ਹੱਥੋ ਨਿਕਲ ਗੀ. ਮੈਂਨੂੰ ਤਾਂ ਕੁਝ ਨ੍ਹੀ ਲੱਗਦਾ ਉਹਦੇ ਚ,,,
ਕਿਸ ਦੀ ਗੱਲ ਕਰਦੇ ਬੀਜੀ...ਸ਼ਾਂਤੀ ਨੇ ਪੁੱਛਿਆ..
ਕੁੜੀਏ ਤੂ ਗਈ ਨ੍ਹੀ ਅੱਜ ਸਕੂਲ,,,
ਨਹੀਂ.. ਬੀਜੀ ਪੇਪਰ ਚਲਦੇ ਆ ਤੇ ਅੱਜ ਛੁੱਟੀ ਸੀ.. ਤੁਸੀਂ ਦੱਸੋ ਕੀ ਗੱਲ ਕਰਦੇ ਸੀ...
ਤੂ ਬਹੁਤਾ ਹਿੱਸਾ ਨਾ ਲਿਆ ਕਰ ਵੱਡਿਆ ਦੀਆ ਗੱਲਾਂ ਚ...
ਹਾਂ ਸੱਚ ਕੀ ਕਹਿੰਦੀ ਸੀ ਮੈਂ.... ਆਹ!, ਹਰ ਕੁਰ ਦੀ ਛੋਟੀ ਨੂੰਹ ਆਖੇ ਜੀ.. ਪੜ੍ਹੀ ਲਿਖੀ ਲੈ ਕੇ ਆਏ ਆ.... ਖੇਹ ਤੇ ਸਵਾਹ.......
ਬੋਲਣਾ ਕਿੱਥੇ ਏਹ ਨ੍ਹੀ ਪਤਾ,, ਕੀ ਕਰਨਾ ਕੀ ਧਰਨਾ ਕੁਝ ਵਲ ਨ੍ਹੀ ਸਿੱਖਿਆ ਹੋਰ ਤਾਂ ਹੋਰ ਅਪਣੇ ਬੰਦੇ ਨੂੰ ਨਾਂ ਲੈ ਕੇ ਬੁਲਾਓ... ਕਹੇ ਏਹ ਵੀ ਤਾਂ ਲੈਂਦੇ ਆ ਨਾਂ ਮੇਰਾ.. ਏਹਦੇ ਚ ਗ਼ਲਤ ਕੀ.... ਰਾਮ ਰਾਮ... ਪੜ੍ਹੀ ਆ ਸੋਲਾਂ.. ਖੇਹ ਤੇ ਸਵਾਹ... ਸੁਣਿਆ ਸਕੂਲ ਚ ਪੜ੍ਹਾਉਂਦੀ ਆ.. ਏਹੀ ਮੱਤ ਨਿਆਣਿਆਂ ਨੂੰ ਦਿੰਦੀ ਹੋਊ... ਕੰਮ ਨ੍ਹੀ ਹੁੰਦਾ ਕਹੇ ਮੈਂ ਥੱਕ ਜਾਣੀ ਆ.. ਨਾ ਅਸੀਂ ਨ੍ਹੀ ਕੀਤਾ ਕਿ ਹਰ ਕੁਰ ਨੇ ਨ੍ਹੀ ਕੀਤਾ... ਬੂ ਕਿੰਨਾ ਬੋਲਦੀ ਆ ਮੂਹਰੇ... ਹਰ ਗੱਲ ਦਾ ਜਵਾਬ ਆ ਉਹਦੇ ਕੋਲ.. ਹਰ ਗੱਲ ਦਾ....
ਪਰ ਬੀਜੀ ਸ਼ਾਮ ਨੂੰ ਤਾਂ ਉਹੀ ਰਸੋਈ ਬਣਾਉਂਦੇ ਆ.. ਮੈਂ ਆਪ ਦੇਖਿਆ ਜਦ ਪੜ੍ਹਨ ਜਾਨੀ ਆ ਮੈਂ..
ਖਬਰਦਾਰ ਜੇ ਹੁਣ ਤੋ ਗਈ... ਫਿਰ ਨ੍ਹੀ ਕਹਿਣਾ ਕਿ ਦੱਸਿਆ ਨ੍ਹੀ..
ਪਰਾਂ ਹਟ,,, ਮੈਂ ਭਾਗੀ ਨੂੰ ਮਿਲ ਆਵਾ ਕੀਤੇ ਉਹ ਵੀ ਅਪਣੇ ਬਤਾਰੂ ਮੂੰਹੇ ਲਈ ਪੜ੍ਹੀ ਲਿਖੀ ਲੱਭ ਲਿਆ ਵੇ.. ਦੱਸਾਂ ਏਨਾ ਦੀਆ ਕਰਤੂਤਾਂ.... (ਜਾਂਦੀ ਏ)
ਬੀਬੀ... ਨੀ ਬੀਬੀ ਗੱਲ ਤਾਂ ਸੁਣ... ਤੂ ਤਾਂ ਹੱਸੀ ਜਾਣੀ ਏ ਤੇ ਬੀਜੀ ਐਵੇਂ ਛੋਟੀ ਭਾਬੀ ਨੂ ਨਗਰ ਖੇੜੇ ਚ ਬਦਨਾਮ ਕਰਨ ਨੂੰ ਫਿਰਦੇ ਆ.. ਉਹ ਤਾਂ ਬਥੇਰੀ ਚੰਗੀ ਆ... ਮੈਂਨੂੰ ਪੜ੍ਹਾਈ ਚ ਕੁਝ ਵੀ ਪ੍ਰੇਸ਼ਾਨੀ ਹੋਵੇ ਬੜੇ ਪਿਆਰ ਨਾਲ ਸਮਝਾਉਂਦੇ ਆ... ਗੱਲ ਕੀ ਹੋਈ ਹੋਣੀ ਏ....
ਆ ਬੈਠ.... ਗੱਲ ਕੁਛ ਨੀ.. ਤੇਰੀ ਨਾਨੀ ਮੈਂਨੂੰ ਇਕ ਗੱਲ ਕਹਿੰਦੀ ਸੀ ਕਿ ਥਾਂ ਦਾ ਮੋਤੀ ਥਾਂ ਤੇ ਹੀ ਪਰੋ ਤਾ ਜਾਏ ਤਾਂ ਉਹਦੀ ਸ਼ੋਭਾ ਏ ਨਹੀਂ ਤਾਂ ਉਹਦੀ ਕੋਈ ਪੁੱਜਤ ਨਹੀਂ ਬੇਸ਼ੱਕ ਉਹ ਮੋਤੀ ਹੀ ਕਿਉ ਨਾ ਹੋਵੇ..
ਬੀਬੀ ਮੈਂ ਸਮਝੀ ਨੀ..
ਲੈ ਸੁਣ. ਤੇਰੀ ਛੋਟੀ ਭਾਬੀ ਜਿਨਾਂ ਪੜ੍ਹੀ ਆ ਓਸ ਹਿਸਾਬ ਦਾ ਉਹਦੇ ਪੇਕਿਆਂ ਨੇ ਨਾ ਘਰ ਲੱਭਿਆ ਨਾ ਵਰ.. ਵਧੇਰੀ ਲਿਆਕਤ ਧੀਆਂ ਕੋਲ ਹੋਵੇ ਤਾਂ ਠੀਕ ਪਰ ਜੇ ਪੁੱਤ ਘੱਟ ਪੜ੍ਹਿਆਂ ਤੇ ਨੂੰਹ ਵੱਧ ਤਾਂ ਏਹ ਗੁਣ ਨਹੀਂ.. ਜਿਥੇ ਏਹ ਦੀ ਕਦਰ ਨਹੀਂ ਤਾਂ ਹੀ ਕਦਰ ਕਰਨ ਵਾਲੇ ਓਥੇ ਏਹ ਖੇਹ ਤੇ ਸਵਾਹ ਹੀ ਏ...
ਜਿਥੇ ਤੁਸੀਂ ਗ਼ਲਤ ਨਹੀਂ ਪਰ ਗ਼ਲਤੀ ਮੰਨ ਨਹੀਂ ਰਹੇ.. ਓਥੇ ਤੁਹਾਡੀਆਂ ਪੜ੍ਹਾਈ ਦੀਆਂ ਦਲੀਲਾਂ ਖੇਹ ਤੇ ਸਵਾਹ ਨੇ.
ਤੁਸੀਂ ਬਾਹਰੋਂ ਕੰਮ ਕਰਕੇ ਜਿਨਾਂ ਮਰਜੀ ਥੱਕੇ ਓ ਪਰ ਜੇ ਘਰ ਦਾ ਇਕ ਕੰਮ ਵੀ ਛੱਡਿਆ ਤਾਂ ਸਭ ਖੇਹ ਤੇ ਸਵਾਹ ਏ.
ਤੁਹਾਨੂੰ ਪਿੰਡ ਪਿੰਡ ਘਰ ਘਰ ਮਾੜੇ ਬੋਲਾਂ ਨਾਲ ਤੋਲਿਆ ਜਾਂਦਾ ਏ ਪਰ ਜੇ ਅਪਣੇ ਬੰਦੇ ਨੂੰ ਨਾਮ ਨਾਲ ਬੁਲਾ ਲੈਂਦੇ ਓ ਤਾਂ ਸਭ ਖੇਹ ਤੇ ਸਵਾਹ ਏ.
ਪਰ ਮਾਂ.. ਮੈਂ ਤਾਂ ਆਪ ਛੋਟੀ ਭਾਬੀ ਵਾਂਗ ਪੜ੍ਹਨਾ ਲਿਖਣਾ ਏ. ਘੱਟੋ ਘੱਟ ਏਨਾ ਤਾਂ ਜ਼ਰੂਰ ਕਿ ਮੈਂ ਏਨਾ ਸਾਰਿਆ ਨਾਲੋ ਵੱਖਰਾ ਸੋਚ ਸਕਾਂ..
ਤਾਂ ਕਰ ਧੀਏ.. ਜੋ ਦਿਲ ਕਰਦਾ ਪੜ੍ਹ... ਪਰ ਪੜ੍ਹਾਈ ਨਾਲ ਖੁਦ ਨੂੰ ਏਹ ਗੱਲਾਂ ਵਾਸਤੇ ਵੀ ਤਿਆਰ ਰੱਖੀ ਜਿਥੇ ਕਹਿਣ... ਹੂੰ,,. ਪੜ੍ਹੀ ਏ ਖੇਹ ਤੇ ਸਵਾਹ.
ਦੋਵੇਂ ਹੱਸਦੀਆਂ ਹਨ.
ਰਾਜਪਾਲ ਕੌਰ
No comments:
Post a Comment