ਬਹਿਸੋ-ਬਹਿਸੀ ਹੁੰਦੇ ਐਵੇਂ, ਕਬਰਾਂ ਪੁੱਟੀ ਜਾਣ ਡਹੇ ਨੇ।
ਸੱਪ ਤੋਂ ਡਰ ਕੇ ਭੱਜਣ ਵਾਲੇ, ਲੀਹਾਂ ਕੁੱਟੀ ਜਾਣ ਡਹੇ ਨੇ।
ਅੱਜ ਡਕੈਤ ਨਵੇਂ ਨਿੱਤਰੇ ਨੇ, ਚੰਦ ਨਵਾਂ ਹੀ ਚਾੜ੍ਹਨ ਵੇਖੋ,
ਚਾੜ੍ਹ ਨਕਾਬਾਂ ਅਪਣਾ ਡੇਰਾ, ਆਪੇ ਲੁੱਟੀ ਜਾਣ ਡਹੇ ਨੇ।
ਐਵੇਂ ਅੱਖ ਦਿਖਾਵਣ ਦਾ ਤਾਂ ਯਾਰਾ ਤੂੰ ਇਲਜ਼ਾਮ ਲਗਾ ਨਾ,
ਅੱਖਾਂ ਤੇ ਅਡ ਹੋਣਗੀਆਂ ਹੀ, ਗਲ਼ ਜੋ ਘੁੱਟੀ ਜਾਣ ਡਹੇ ਨੇ।
ਸਾਨੂੰ ਕੀ ਐ ਆਪੇ ਹੀ ਇਹ, ਉਹਨਾਂ ਦੇ ਮੂੰਹ ’ਤੇ ਆ ਡਿੱਗੂ,
ਆਕੜ ਦੇ ਵਿਚ ਆ ਕੇ ਜਿਹੜੇ, ’ਤਾਂਹ ਨੂੰ ਥੁੱਕੀ ਜਾਣ ਡਹੇ ਨੇ।
ਏਨਾ ਵੀ ਨਾ ਸੋਚਣ ਸਮਝਣ, ਅਪਣਾ ਹੀ ਢਿੱਡ ਨੰਗਾ ਹੋਣਾ,
ਪਰਿ੍ਹਆਂ ਦੇ ਵਿਚ ਬਹਿ ਕੇ ਜਿਹੜੇ, ਝੱਗਾ ਚੁੱਕੀ ਜਾਣ ਡਹੇ ਨੇ।
ਲੱਖਾਂ ਲਗਦੇ ਨੌਹਾਂ ਨਾਲੋਂ, ਮੁਸ ਜੁਦਾ ਕਰਕੇ ਸੁੱਟਣ ਨੂੰ,
ਵੇਚ ਜ਼ਮੀਨਾਂ ਮਾਪੇ ਮਮਤਾ, ਨਾਲੋਂ ਟੁੱਟੀ ਜਾਣ ਡਹੇ ਨੇ।
ਝੋਟੇ ਅੱਗੇ ਬੀਨ ਵਜਾਉਣੀ, ਉਸਨੇ ਟੱਸ ਤੋਂ ਮੱਸ ਨਾ ਹੋਣਾ,
‘ਰੂਪ’ ਜਿਹੇ ਤਾਂ ਐਵੇਂ ਬਹਿ ਕੇ, ਕਮਲਾਂ ਕੁੱਟੀ ਜਾਣ ਡਹੇ ਨੇ।
ਮੋਬਾਈਲ : 00971 506330466
No comments:
Post a Comment