ਕਦੇ ਤਿਰਸ਼ੂਲ ਦਾ ਰੌਲ਼ਾ, ਕਦੇ ਕਿਰਪਾਨ ਦਾ ਰੌਲ਼ਾ।
ਖ਼ੁਦਾ ਦੇ ਨਾਲ ਐਪਰ ਨਾ ਦਿਸੇ ਭਗਵਾਨ ਦਾ ਰੌਲ਼ਾ।
ਕੁਕਰਮੀ ਲੋਕ ਨੇ ਜਿਹੜੇ, ਕਦੋਂ ਨੇ ਸੋਚਦੇ ਬਿਹਤਰ,
ਬੜਾ ਪਾਉਂਦੇ, ਸਦਾ ਉਹ ਦੀਨ ਤੇ ਈਮਾਨ ਦਾ ਰੌਲ਼ਾ।
ਕਿਸੇ ਦੇ ਮਰਨ ਪਿੱਛੋਂ ਧਰਮ ਕਿਹੜਾ, ਜਾਤ ਕੀ ਹੁੰਦੀ,
ਕਮੀਨੇ ਲੋਕ ਪਾਉਂਦੇ ਵੱਖਰੇ ਸ਼ਮਸ਼ਾਨ ਦਾ ਰੌਲ਼ਾ।
ਕਿਸੇ ਸਨਮਾਨ ਦੀ ਨਾ ਲੋੜ ਹੁੰਦੀ ਯੋਗ ਲੋਕਾਂ ਨੂੰ,
ਪਵਾਉਂਦੇ ਨੇ ਨਕਾਰੇ ਮਾਨ ਤੇ ਸਨਮਾਨ ਦਾ ਰੌਲ਼ਾ।
ਪੁਜਾਰੀ ਲੋਕ ਰਖਦੇ ਨਜ਼ਰ ਨੇ ਬਸ ਗੋਲਕਾਂ ਉੱਤੇ,
ਸਦਾ ਪੈਂਦਾ ਚੜ੍ਹਾਵੇ ਦਾ ਤੇ ਕੀਤੇ ਦਾਨ ਦਾ ਰੌਲ਼ਾ।
ਖ਼ੁਦਾ ਜੇ ਜੀਭ ਦੀ ਥਾਂ ਸੋਚ ਭੋਰਾ ਹੋਰ ਦੇ ਦਿੰਦਾ,
ਕਦੀ ਨਾ ਉਪਜਦਾ ਇਨਸਾਨ ਤੇ ਸ਼ੈਤਾਨ ਦਾ ਰੌਲ਼ਾ।
ਬਿਨਾਂ ਕੁਈ ਸੂਚਨਾ ਦਿੱਤੇ, ਅਚਾਨਕ ਆਣ ਢੁੱਕਾ ਸੀ,
ਗਰਾਂ ਸਾਰੇ 'ਚ ਹੁਣ ਤਕ ਹੈ, ਮਿਰੇ ਮਹਿਮਾਨ ਦਾ ਰੌਲ਼ਾ।
ਅਜੋਕੇ ਦੌਰ ਦੇ ਵਿਚ ਝੂਠ ਦਾ ਹੀ ਬੋਲਬਾਲਾ ਹੈ,
ਸਦਾ ਸਿਰ ਕੱਢਵਾਂ ਹੁੰਦਾ ਹੈ ਬੇਈਮਾਨ ਦਾ ਰੌਲ਼ਾ।
ਲੜਾਈ ਚੌਧਰਾਂ ਨੂੰ ਕਾਇਮ ਰੱਖਣ ਦੀ ਦੁਪਾਸੀਂ ਹੈ,
ਬਣਾ ਲੈਂਦੇ ਹਾਂ ਹਿੰਦੁਸਤਾਨ, ਪਾਕਿਸਤਾਨ ਦਾ ਰੌਲ਼ਾ।
ਚਵਾਨੀ ਨੂੰ ਖਤਮ ਕਰ ਕੇ ਭਲਾ ਸਰਕਾਰ ਕੀ ਕੀਤੈ?
ਮੁਕਾਅ ਦਿੱਤਾ ਹਮੇਸ਼ਾਂ ਵਾਸਤੇ ਹੀ ਭਾਨ ਦਾ ਰੌਲ਼ਾ।
ਬੜਾ ਵਿਸ਼ਵਾਸ ਹੈ 'ਸੂਫ਼ੀ', ਮੁਹੱਬਤ ਹੈ ਬੜੀ ਪੀਡੀ,
ਖ਼ੁਦਾ ਜਾਣੇ ਕੀ ਮੇਰੇ ਨਾਲ, ਮੇਰੀ ਜਾਨ ਦਾ ਰੌਲ਼ਾ।
0-0-0
ਸੰਪਰਕ: 98555 43660.
No comments:
Post a Comment