Rajdeep Toor Follow On Facebook
ਮੈਂ ਦਿਲੋਂ ਅਪਣੇ ਬਣਾਏ ਲੋਕ ਤੇਰੇ ਸ਼ਹਿਰ ਦੇ ।
ਪਰ ਨਾ ਮੇਰੇ ਮੇਚ ਆਏ ਲੋਕ ਤੇਰੇ ਸ਼ਹਿਰ ਦੇ ।
ਉਹ ਬਹੁਤ ਕੁਝ ਆਖਦੇ ਸੀ ਪਰ ਜਦੋਂ ਕੁਝ ਮੈਂ ਕਿਹਾ,
ਫਿਰ ਭਲਾ ਕਿਉਂ ਤਿਲਮਿਲਾਏ ਲੋਕ ਤੇਰੇ ਸ਼ਹਿਰ ਦੇ ।
ਜਦ ਬਸੰਤਰ ਦੂਸਰੇ ਦੀ ਆਪਣੇ ਘਰ ਆ ਵੜੀ,
ਫਿਰ ਬੜਾ ਹੀ ਤੜਫੜਾਏ ਲੋਕ ਤੇਰੇ ਸ਼ਹਿਰ ਦੇ ।
ਅੱਖ ਖੋਲ੍ਹੀ ਵੇਖਿਆ ਪਰ ਵੇਖ ਕੇ ਫਿਰ ਸੌਂ ਗਏ,
ਨੀਂਦ ਤੋਂ ਜਦ ਵੀ ਜਗਾਏ ਲੋਕ ਤੇਰੇ ਸ਼ਹਿਰ ਦੇ ।
ਪਿੰਡ ਮੇਰੇ ਨੇ ਜਦੋਂ ਵੀ ਜ਼ਖ਼ਮ ਦਿੱਤਾ ਹੈ ਨਵਾਂ,
ਉਫ! ਉਦੋਂ ਫਿਰ ਯਾਦ ਆਏ ਲੋਕ ਤੇਰੇ ਸ਼ਹਿਰ ਦੇ ।
ਜ਼ਖ਼ਮ ਦਿਲ ਦੇ ਮੈਂ ਜਦੋਂ ਵੀ ਸੀ ਵਿਖਾਏ ਦੋਸਤਾ!
ਵੇਖਦੇ ਹੀ ਮੁਸਕਰਾਏ ਲੋਕ ਤੇਰੇ ਸ਼ਹਿਰ ਦੇ ।
ਹਰ ਸਿਤਮ ਨੂੰ ਵੇਖਦੇ ਸੀ ਪਰ ਰਹੇ ਚੁੱਪ-ਚਾਪ ਉਹ,
ਏਸ ਹੱਦ ਤੱਕ ਸੀ ਡਰਾਏ ਲੋਕ ਤੇਰੇ ਸ਼ਹਿਰ ਦੇ ।
ਹੌਸਲੇ ਹਨ ਪਸਤ ਹੋਏ ਤੇ ਜ਼ੁਬਾਨਾਂ ਗੂੰਗੀਆਂ,
ਨਾ ਸਮੇਂ ਸਿਰ ਬੋਲ ਪਾਏ ਲੋਕ ਤੇਰੇ ਸ਼ਹਿਰ ਦੇ ।
ਰਾਜਨੀਤੀ ਦਾ ਉਨ੍ਹਾਂ ਨੇ ਫੇਰ ਪੱਤਾ ਖੇਡਿਆ,
ਹਾਕਮਾਂ ਨੇ ਫਿਰ ਲੜਾਏ ਲੋਕ ਤੇਰੇ ਸ਼ਹਿਰ ਦੇ ।
ਬੇਵਫ਼ਾ ੳਹ ਬੇਵਫ਼ਾ ਹੀ ਬੇਵਫ਼ਾ ਨਿਕਲੇ ਸਦਾ,
‘ਤੂਰ’ ਨੇ ਜਦ ਆਜ਼ਮਾਏ ਲੋਕ ਤੇਰੇ ਸ਼ਹਿਰ ਦੇ ।
No comments:
Post a Comment