ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 24, 2022

ਬਹਿਰਾਂ ਦੇ ਵਿਚ ਅੱਖ਼ਰ ਭਰਦੇ ਰਹਿੰਦੇ ਨੇ - Sarbjit Sohi

 

ਬਹਿਰਾਂ ਦੇ ਵਿਚ ਅੱਖ਼ਰ ਭਰਦੇ ਰਹਿੰਦੇ ਨੇ।

ਆਖਣ ਨੂੰ ਕੁਝ ਸ਼ਾਇਰੀ ਕਰਦੇ ਰਹਿੰਦੇ ਨੇ। 


ਸਾਥੋਂ ਤਾਂ ਇਕ ਹੰਝੂ ਪਾਰ ਨਹੀਂ ਹੋਇਆ, 

ਧੰਨ ਕਵੀ ਜੋ ਦਰਿਆ ਤਰਦੇ ਰਹਿੰਦੇ ਨੇ। 


ਸ਼ਿਅਰਾਂ ਦੇ ਵਿਚ ਬੰਨ੍ਹਣ ਨੁਕਤੇ ਪਰਬਤ ਦੇ,

ਬਰਫ਼ ਤਰ੍ਹਾਂ ਜੋ ਪਲ ਪਲ ਖਰਦੇ ਰਹਿੰਦੇ ਨੇ। 


ਕੋਲ ਕਿਸੇ ਦੇ ਅਦਬੀ ਮੋਹ ਦਾ ਨਿੱਘ ਨਹੀਂ, 

ਸੇਕ ਬਦਨ ਦੀ ਅੱਗ ਵੀ ਠਰਦੇ ਰਹਿੰਦੇ ਨੇ। 


ਛੱਤਰੀ ਲੈ ਕੇ ਨਿਕਲਣ ਵਾਲੇ ਕੀ ਜਾਣਨ, 

ਬਿਰਖ ਵਿਚਾਰੇ ਕੀ ਕੀ ਜਰਦੇ ਰਹਿੰਦੇ ਨੇ। 


ਪਿੱਛੇ ਮੁੜਦੇ ਇਕ ਦਿਨ ਨੂੰ ਪਛਤਾਵਣਗੇ, 

ਰਾਹ ਵਿਚ ਜਿਹੜੇ ਕੰਡੇ ਧਰਦੇ ਰਹਿੰਦੇ ਨੇ। 


ਫਿਕਰ ਕਰੀਂ ਨਾ ਸਾਡਾ ਯਾਰ ਮਲੰਗਾਂ ਦਾ,

ਫ਼ਕਰਾਂ ਦੇ ਤਾਂ ਏਦਾਂ ਸਰਦੇ ਰਹਿੰਦੇ ਨੇ। 


—Sarbjeet Sohi

No comments:

Post a Comment