ਪੰਜਾਬੀ ਹੋਣ ਦਾ ਭਾਵ ਸੱਤਾ-ਸਥਾਪਤੀ ਦੇ ਖ਼ਿਲਾਫ਼ ਡੱਟ ਕੇ ਖੜ ਜਾਣਾ ਹੈ, ਹੱਕ ਕਿਸੇ ਵੀ ਵਰਗ ਦੇ ਦੱਬੇ ਜਾਣ, ਅਨਿਆਂ ਕਿਸੇ ਵੀ ਧਰਮ ਨਾਲ ਹੋਵੇ, ਲੋੜ ਕਿਸੇ ਵੀ ਇਨਸਾਨ ਨੂੰ ਪਵੇ, ਤਸ਼ਦੱਦ ਕਿਸੇ ਵੀ ਮਜ਼ਲੂਮ ਤੇ ਹੋਵੇ…….ਉਸਦੀ ਓਟ ਬਣਨਾ, ਉਸਦੀ ਆਵਾਜ਼ ਬਣਨਾ ਹੀ ਪੰਜਾਬੀਅਤ ਹੈ। ਸ਼ਹਿਰ ਵਿਚ ਰਹਿੰਦਿਆਂ ਤਕਰੀਬਨ 7 ਕੁ ਸਾਲ ਤੋਂ ਇਸ ਸ਼ਹਿਰ ਦੀ ਅਜ਼ੀਮ ਹਸਤੀ ਡਾ ਬਰਨਾਰਡ ਮਲਿਕ ਜੀ ਨਾਲ ਗੂੜ੍ਹੀ ਸਾਂਝ ਹੈ। ਇਸੇ ਹੀ ਸਾਂਝ ਵਿੱਚੋਂ ਬ੍ਰਿਸਬੇਨ ਦੀ ਵੱਕਾਰੀ ਸੀਟ ਲਿੱਲੀ ਤੋਂ ਮੌਜੂਦਾ ਲਿਬਰਲ ਉਮੀਦਵਾਰ ਵੀਵੀਅਨ ਲੋਬੋ ਨਾਲ ਸਾਂਝ ਪਈ ਹੈ। ਜਿੱਥੇ ਡਾ. ਮਲਿਕ ਕਲਾ, ਅਦਬ ਅਤੇ ਭਾਈਚਾਰਿਕ ਸਮਾਗਮਾਂ ਲਈ ਦਿਲ ਖੋਲ੍ਹ ਕੇ ਇਮਦਾਦ ਕਰਕੇ ਆਏ ਹਨ, ਉੱਥੇ ਉਹਨਾਂ ਦੀ ਟੀਮ ਵਿਚਲਾ ਹਰ ਮੈਂਬਰ ਭਾਰਤੀ ਖਾਸਕਰ ਪੰਜਾਬੀ ਕਮਿਊਨਿਟੀ ਵੱਲੋਂ ਆਏ ਸੱਦੇ ਤੇ ਹਰ ਸਾਂਝੇ ਕਾਜ ਲਈ ਪੂਰੀ ਤਨਦੇਹੀ ਨਾਲ ਖੜਦਾ ਰਿਹਾ ਹੈ। ਵੀਵੀਅਨ ਲੋਬੋ ਨਾਲ ਇਹ ਸਾਂਝ ਮਾਣਯੋਗ ਹੀ ਨਹੀਂ, ਵਿਸ਼ਵਾਸ-ਯੋਗ ਵੀ ਹੈ, ਵਿਚਾਰਧਾਰਕ ਵੀ ਹੈ। ਜਦੋਂ ਵੀ ਅਸੀਂ ਅਮੈਰੀਕਨ ਕਾਲਜ ਵਿਚ ਸਾਹਿਤਕ ਸਮਾਗਮ ਕਰਵਾਉਂਦੇ ਹਾਂ ਤਾਂ ਵਿਵੀਅਨ ਸਦਾ ਹੀ ਉਸ ਵਿਚ ਸ਼ਿਰਕਤ ਕਰਦਾ ਰਿਹਾ ਹੈ, ਸਹਿਯੋਗ ਦਿੰਦਾ ਰਿਹਾ ਹੈ। ਭਾਈਚਾਰਿਕ ਮਸਲਿਆਂ ਬਾਰੇ ਉਸ ਦੀ ਪਹੁੰਚ ਸਦਾ ਹੀ ਸੁਹਿਰਦ ਅਤੇ ਸੱਚੀ ਸੁੱਚੀ ਭਾਰਤੀਅਤਾ ਵਾਲੀ ਰਹੀ ਹੈ। ਉਸ ਨਾਲ ਹੁਣ ਤੱਕ ਦਾ ਵਾਸਤਾ ਉਸਦੀ ਇਮਾਨਦਾਰੀ ਅਤੇ ਦਿਆਨਤਦਾਰੀ ਦੀ ਗਵਾਹੀ ਭਰਦਾ ਹੈ। ਉਸ ਦੁਆਰਾ ਪਿਛਲੇ ਸਮਿਆਂ ਵਿਚ ਲੋਕ ਮੁੱਦਿਆਂ ਨਾਲ ਜੁੜੀਆਂ ਹੋਈਆਂ ਦੋ ਉਦਹਾਰਨਾਂ ਹੀ ਉਸ ਦੇ ਲੋਕ ਪੱਖੀ ਅਤੇ ਪੰਜਾਬੀਅਤ ਨਾਲ ਜੁੜੇ ਹੋਣ ਦੀ ਗਵਾਹੀ ਲਈ ਬਹੁਤ ਹਨ।
ਭਾਰਤੀ ਨਾਗਰਿਕਤਾ ਕਾਨੂੰਨਾਂ ਦੇ ਖ਼ਿਲਾਫ਼ ਜਦੋਂ ਡਾ ਬੀ ਆਰ ਅੰਬੇਡਕਰ ਦੇ ਪੜਪੋਤੇ ਰਾਜ ਰਤਨ ਅੰਬੇਡਕਰ ਜੀ ਦੀ ਮੌਜੂਦਗੀ ਵਿਚ ਕਵੀਨਜਲੈਂਡ ਦੀ ਪਾਰਲੀਮੈਂਟ ਦੇ ਮੂਹਰੇ ਮੁਜ਼ਾਹਰਾ ਕੀਤਾ ਸੀ ਤਾਂ ਬ੍ਰਿਸਬੇਨ ਵਿਚ 30 ਹਜ਼ਾਰ ਦੀ ਪੰਜਾਬੀ ਵੱਸੋਂ ਵਿੱਚੋਂ ਆਏ ਸਿਰਫ 30 ਬੰਦਿਆਂ ਵਿਚ ਉਹ ਵੀ ਇਕ ਸੀ। ਵਰਦੇ ਹੋਏ ਮੀਂਹ ਵਿਚ ਉਸਦੀ ਸਪੀਚ ਸੁਣਨ ਵਾਲੀ ਸੀ। ਦੱਖਣ ਭਾਰਤ ਦੇ ਲੋਕ ਮੌਜੂਦਾ ਭਾਰਤੀ ਸਰਕਾਰ ਦੀਆਂ ਫਿਰਕੂ ਨੀਤੀਆਂ, ਮੁਸਲਿਮ ਵਿਰੋਧੀ ਪਹੁੰਚ ਅਤੇ ਭਾਸ਼ਾ ਦੀ ਕਤਾਰਬੰਦੀ ਨੂੰ ਸਮਝਦੇ ਹੀ ਨਹੀਂ, ਇਸ ਦਾ ਬਹਾਦਰੀ ਨਾਲ ਜਵਾਬ ਦੇਣਾ ਵੀ ਜਾਣਦੇ ਹਨ। ਉਸਦੀ ਸੋਚ ਅਤੇ ਸ਼ਖ਼ਸੀਅਤ ਦੀ ਝਲਕ ਉਸ ਦੇ ਸ਼ਬਦਾਂ ਵਿਚ ਸੀ। ਭਾਰਤੀ ਕਿਸਾਨ ਅੰਦੋਲਨ ਦੇ ਹੱਕ ਵਿਚ ਬ੍ਰਿਸਬੇਨ ਦੇ ਇਤਿਹਾਸ ਵਿਚ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਭਾਰਤੀ ਲੋਕਾਂ ਦੇ ਮੁਜ਼ਾਹਰੇ ਨੂੰ ਸਫਲ ਕਰਨ ਵਾਲੇ ਲੋਕਾਂ ਵਿਚ ਵੀਵੀਅਨ ਇਕ ਸੀ। ਪ੍ਰਸ਼ਾਸਨ ਤੋਂ ਮੁਜ਼ਾਹਰੇ ਲਈ ਮਨਜ਼ੂਰੀ ਲੈਣ ਲਈ, ਬੈਨਰ ਬਣਾਉਣ ਲਈ, ਮਾਇਕ ਮਦਦ ਕਰਨ ਲਈ, ਮੁਜ਼ਾਹਰੇ ਵਿਚ ਪਾਣੀ ਦੀਆਂ ਬੋਤਲਾਂ ਅਤੇ ਹੋਰ ਸਮਾਨ ਪੁੱਜਦਾ ਕਰਨ ਵਿਚ ਵੀਵੀਅਨ ਸਾਡੇ ਪੰਜਾਬੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਸੀ। ਇਹ ਸਭ ਕੁੱਝ ਕਰਦਿਆਂ ਵੀ ਉਹਦੀ ਮਨਸ਼ਾ ਮਸ਼ਹੂਰ ਹੋਣ ਦੀ ਨਹੀਂ ਸੀ। ਹੁਣ ਲਿਬਰਲ ਪਾਰਟੀ ਵੱਲੋਂ ਮਿਲੀ ਟਿਕਟ ਤੇ ਬ੍ਰਿਸਬੇਨ ਦੀ ਵੱਕਾਰੀ ਸੀਟ ਲਿੱਲੀ ਤੋਂ ਉਸ ਦੀ ਜਿੱਤ ਦਾ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ। ਪਿਆਰੇ ਪੰਜਾਬੀਓ ਵੀਵੀਅਨ ਸਾਡਾ ਹੈ, ਸਾਡਾ ਵਾਂਗ ਹੀ ਸੰਘਰਸ਼ ਕਰਕੇ ਉਹ ਇਸ ਮੁਕਾਮ ਤੇ ਪਹੁੰਚਿਆ ਹੈ ਕਿ ਆਸਟਰੇਲੀਆ ਦੀ ਪਾਰਲੀਮੈਂਟ ਵਿਚ ਉਹ ਪਹਿਲੇ ਭਾਰਤੀ ਵਜੋਂ ਸਾਡੀ ਆਵਾਜ਼ ਬਣੇ। ਮਹਿਜ਼ ਅੰਗਰੇਜ਼ੀ ਬੋਲਣ ਵਿਚ ਹੀ ਉਸਦੀ ਮੁਹਾਰਤ ਨਹੀਂ, ਸਿਰਫ਼ ਸਿੱਖਿਆ ਵਿਚ ਹੀ ਉਹ ਉੱਚ ਯੋਗਤਾ ਪ੍ਰਾਪਤਾ ਨਹੀਂ, ਸਗੋਂ ਇੱਥੋਂ ਦੀਆਂ ਰਾਜਨੀਤਕ ਸਮੀਕਰਨਾਂ ਬਾਰੇ ਵੀ ਉਸਦੀ ਸਮਝ ਪੁਖ਼ਤਾ ਅਤੇ ਪੜਚੋਲਵੀਂ ਹੈ। ਇਸ ਕਰਕੇ ਆ ਰਹੀਆਂ ਚੋਣਾਂ ਵਿਚ ਵੱਧ ਤੋਂ ਵੱਧ ਵੀਵੀਅਨ ਨੂੰ ਵੋਟਾਂ ਪਾ ਕੇ, ਇਸ ਇਤਿਹਾਸਕ ਜਿੱਤ ਦਾ ਹਿੱਸਾ ਬਣੀਏ। ਜਿੱਤ ਦੇ ਜਸ਼ਨਾਂ ਵਿਚ ਪੰਜਾਬੀਆਂ ਦਾ ਹਿੱਸਾ ਸਭ ਤੋਂ ਵੱਧ ਹੋਣਾ ਚਾਹੀਦਾ ਹੈ।
—Sarbjeet Sohi
#Vivian #Lilly #Liberal
No comments:
Post a Comment