ਇਸ ਤੋਂ ਪਹਿਲਾਂ ਕਿ ਅਸੀਂ ਭੁੱਲ ਜਾਈਏ........
ਪੰਜਾਬ ਦੀ ਧਰਤੀ ਨੇ ਅਜਿਹੇ ਬਹੁਤ ਦੌਰ ਹੰਢਾਏ ਹਨ, ਜਦੋਂ ਹਮਲਾਵਰਾਂ ਨੇ ਇਹਦੀ ਅਸਮਤ ਨੂੰ ਰੌਂਦਣ ਦੀ ਗੁਸਤਾਖ਼ੀ ਕੀਤੀ ਤੇ ਇਹਦੇ ਜਾਇਆਂ ਹੱਥੋਂ ਮੂੰਹ ਦੀ ਖਾਧੀ। ਪਰ ਇਤਿਹਾਸ ਵਿੱਚ ਕੁੱਝ ਕਾਲੇ ਵਰਕੇ ਐਸੇ ਵੀ ਆਏ ਜਦੋਂ ਇਹਦੇ ਆਪਣੇ ਹੀ ਜਾਇਆਂ ਵੱਲੋਂ ਪੰਜਾਬ ਦੀ ਸਾਂਝੀ ਵਿਰਾਸਤ ਨੂੰ ਲਹੂ-ਲੁਹਾਨ ਕਰਕੇ ਸਦੀਆਂ ਦੀ ਭਾਈਚਾਰਕ ਸਾਂਝ ਨੂੰ ਲੀਰੋ-ਲੀਰ ਕਰਨ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਕਾਲੇ ਦੌਰ ਵਿੱਚ ਵੀ ਪੰਜਾਬ ਦੀ ਸਾਂਝੀ ਮਿੱਟੀ ਦੀ ਮਹਿਕ ਮਰ ਨਹੀਂ ਸਕੀ, ਬਹੁਤ ਸਾਰੇ ਸੂਰਬੀਰ ਯੋਧਿਆਂ ਨੇ ਇਸ ਧਰਤੀ ਦੀ ਕੁਰਬਾਨੀਆਂ ਭਰੀ ਗਾਥਾ ਨੂੰ ਦੁਹਰਾਇਆ ਅਤੇ ਆਖ਼ਰ ਪੰਜਾਬ ਨੇ ਹਿੰਦੂ-ਸਿੱਖ ਏਕਤਾ ਨੂੰ ਕਾਇਮ ਰੱਖਦਿਆਂ ਉਲੂਆਂ ਦੀ ਬਾਦਸ਼ਾਹਤ ਖ਼ਤਮ ਕਰ ਦਿੱਤੀ। ਪਰ ਕੀਰਨਿਆਂ ਦੇ ਮੌਸਮ ਨੂੰ ਦੂਰ ਕਰਦਿਆਂ ਕਰਦਿਆਂ ਕਿੰਨੇ ਹੀ ਜੁਗਨੂੰ ਹਨੇਰੇ ਦੀ ਭੇਂਟ ਚੜ ਗਏ। ਇਸ ਵਾਰ ਮਸਲਾ ਕਸ਼ਮੀਰੀ ਪੰਡਤਾਂ ਦਾ ਨਹੀਂ ਸੀ, ਆਪਣੀ ਹੀ ਮਿੱਟੀ ਦੇ 40 ਪ੍ਰਤੀਸ਼ਤ ਲੋਕਾਂ....... ਸ਼ਾਇਦ ਚਾਲੀ ਤੋਂ ਵੀ ਬਹੁਤ ਜ਼ਿਆਦਾ, ਕਿਉਂਕਿ ਫਿਰਕੂ ਵਹਿਸ਼ੀਆਂ ਨੇ ਪੱਗ-ਦਾੜ੍ਹੀ ਦੀ ਸ਼ਰਤ ਰੱਖ ਕੇ ਲੜਾਈ ਪਹਿਚਾਣ ਤੇ ਹੀ ਕੇਂਦਰਿਤ ਕਰ ਦਿੱਤੀ ਸੀ। ਉਸ ਫਿਰਕੂ ਹਨੇਰੀ ਵਿੱਚ ਪੰਜਾਬ ਦੀ ਸਾਂਝੀ ਵਿਰਾਸਤ ਲਈ ਕੁਰਬਾਨੀਆਂ ਦੇਣ ਵਾਲੇ ਹਜ਼ਾਰਾਂ ਹੀ ਸਿਰਲੱਥ ਸੂਰਮਿਆਂ ਵਿੱਚ ਇਕ ਨਾਮ ਕਾਮਰੇਡ ਦੀਪਕ ਧਵਨ ਦਾ ਹੈ। ਅੱਤਵਾਦ ਦੇ ਦੌਰ ਵਿੱਚ ਤਰਨਤਾਰਨ ਦਾ ਏਰੀਆ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ। ਉਨ੍ਹੀ ਦਿਨੀਂ ਸ਼ਾਮ ਹੁੰਦਿਆਂ ਹੀ ਤਰਨਤਾਰਨ, ਪੱਟੀ, ਵਲਟੋਹਾ, ਖੇਮਕਰਨ, ਝਬਾਲ, ਭਿੱਖੀਵਿੰਡ, ਚੋਹਲਾ ਸਾਹਿਬ, ਖਡੂਰ ਸਾਹਿਬ ਆਦਿ ਖੇਤਰਾਂ ਵਿੱਚ ਖ਼ਾਲਸਤਾਨ ਬਣ ਜਾਇਆ ਕਰਦਾ ਸੀ। ਪੰਜਾਬੀਆਂ ਨੂੰ ਪਤਾ ਹੀ ਨਾ ਲੱਗਾ 1978 ਵਿੱਚ ਸ਼ੁਰੂ ਹੋਇਆ ਨਿਰੰਕਾਰੀ/ਸਿੱਖ ਵਿਵਾਦ ਕਦੋਂ ਹਿੰਦੂ/ਸਿੱਖ ਵਿਵਾਦ ਬਣ ਗਿਆ। ਜਦੋਂ ਬੇਕਸੂਰ ਹਿੰਦੂ ਜਾਂ ਕੇਸਰਹਿਤ ਲੋਕਾਂ ਦੇ ਲਹੂ ਨਾਲ ਸ਼ਰੇਆਮ ਹੋਲੀ ਖੇਡੀ ਜਾਣ ਲੱਗੀ ਤਾਂ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਹਿਜਰਤ ਸ਼ੁਰੂ ਹੋ ਗਈ। ਤਰਨ ਤਾਰਨ ਦੇ ਇਲਾਕੇ ਵਿਚ ਸਭ ਤੋਂ ਵੱਧ ਹਿਜਰਤ ਹੋਈ, ਸਦੀਆਂ ਤੋਂ ਪੰਜਾਬ ਵਿੱਚ ਵੱਸਦੇ ਹਿੰਦੂ ਕੀਮਤੀ ਜ਼ਮੀਨਾਂ ਅਤੇ ਜਾਇਦਾਦਾਂ ਵੇਚ ਕੇ ਪੰਜਾਬ ਛੱਡ ਕੇ ਜਾਣ ਲੱਗੇ। ਇਨ੍ਹਾਂ ਦਹਿਸ਼ਤੀ ਹਵਾਵਾਂ ਵਿੱਚ ਕਾਮਰੇਡ ਦੀਪਕ ਧਵਨ ਵਰਗੇ ਯੋਧਿਆਂ ਦੀ ਆਵਾਜ਼ ਗੂੰਜੀ ਕਿ ਅਸੀਂ ਕਿਸੇ ਵੀ ਕੀਮਤ ਤੇ ਅਖੌਤੀ ਖਾੜਕੂਆਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ।
ਕਾਮਰੇਡ ਦੀਪਕ ਧਵਨ ਬਹੁਤ ਹੀ ਛੋਟੀ ਉਮਰ ਵਿੱਚ ਪਾਰਟੀ ਦਾ ਸੂਬਾ ਕਮੇਟੀ ਮੈਂਬਰ ਬਣ ਗਿਆ ਸੀ। 28 ਫ਼ਰਵਰੀ 1955 ਵਿੱਚ ਜਨਮਿਆ ਦੀਪਕ ਧਵਨ ਕਾਲਜ ਦੇ ਦਿਨਾਂ ਤੋਂ ਹੀ ਸਮਾਜਵਾਦੀ ਵਿਚਾਰਧਾਰਾ ਨਾਲ ਜੁੜ ਗਿਆ ਸੀ। ਉਸ ਦੇ ਪਿਤਾ ਜੀ ਡਾ ਸੱਤਿਆਪਾਲ ਧਵਨ ਕਸਬਾ ਖੇਮਕਰਨ ਵਿੱਚ ਡਾਕਟਰੀ ਦੀ ਦੁਕਾਨ ਕਰਿਆ ਕਰਦੇ ਸਨ। ਸੰਨ੍ਹ 1965 ਵਿੱਚ ਹੋਈ ਹਿੰਦ-ਪਾਕ ਜੰਗ ਤੋਂ ਬਾਅਦ ਉਹ ਆਪਣੇ ਪੁਸ਼ਤੈਨੀ ਪਿੰਡ ਗੰਡੀਵਿੰਡ ਸਰਾਂ ਆ ਗਏ। ਇੱਥੇ ਹੀ ਉਸ ਨੇ ਅਠਵੀਂ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ 1969 ਵਿੱਚ ਉਨ੍ਹਾ ਦਾ ਪਰਿਵਾਰ ਤਰਨਤਾਰਨ ਸ਼ਹਿਰ ਵਿਖੇ ਆ ਗਿਆ। ਉਸ ਨੇ ਵਿਦਿਆਰਥੀ ਅੰਦੋਲਨ ਵਿੱਚ ਜਿਸ ਤਰ੍ਹਾਂ ਅਗਵਾਈ ਕੀਤੀ ਸੀ, ਉਸਦਾ ਕੋਈ ਸਾਨੀ ਨਹੀਂ। ਉਹ ਪੜ੍ਹਣ ਵਿੱਚ ਬਹੁਤ ਜ਼ਹੀਨ ਸੀ, ਉਸ ਵੇਲੇ ਉਹ ਕੋਈ ਵੀ ਨੌਕਰੀ ਜੁਆਇਨ ਕਰ ਸਕਦਾ ਸੀ, ਪਰ ਉਸ ਨੇ ਕਾਮਿਆਂ/ਕਿਸਾਨਾਂ ਦੀ ਲੋਕ ਲਹਿਰ ਲਈ ਕੁਲਵਕਤੀ ਬਣਨ ਨੂੰ ਪਹਿਲ ਦਿੱਤੀ। ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ, ਪਰ ਕੁਲਵਕਤੀ ਹੋਣ ਲਈ ਜਿਗਰੇ ਵਾਲੇ ਬੰਦੇ ਹੀ ਨਿੱਤਰਦੇ ਹਨ। ਪਾਰਟੀ ਪ੍ਰਤੀ ਉਸ ਦੀ ਵਚਨਬੱਧਤਾ ਦਾ ਇੱਥੋਂ ਪਤਾ ਲੱਗਦਾ ਹੈ ਕਿ ਐਮ ਏ ਅੰਗਰੇਜ਼ੀ ਦਾ ਉਸ ਨੇ ਇਕ ਪੇਪਰ ਹੀ ਦਿੱਤਾ ਸੀ, ਉਸ ਵਿੱਚ ਉਸਦੇ 84 % ਨੰਬਰ ਆਏ ਸਨ, ਬਾਕੀ ਦੇ ਪੇਪਰਾਂ ਤੋਂ ਪਹਿਲਾਂ 3 ਛੁੱਟੀਆਂ ਸਨ। ਪਰ ਪਾਰਟੀ ਆਦੇਸ਼ਾਂ ਨੂੰ ਪਹਿਲ ਦਿੰਦਿਆਂ ਉਸ ਨੇ ਬਾਕੀ ਦੇ ਤਿੰਨ ਪੇਪਰ ਦੇਣ ਦੀ ਬਜਾਏ ਅੰਗਰੇਜ਼ੀ ਦੀ ਐਮ ਏ ਹੀ ਛੱਡ ਦਿੱਤੀ। ਪੰਜਾਬ ਯੂਨੀਵਰਸਿਟੀ ਵਿਚ ਐਮ ਏ ਮਨੋਵਿਗਿਆਨ ਕਰਦਿਆਂ ਇਕ ਸੌੜੀ ਸੋਚ ਵਾਲੇ ਪ੍ਰੋਫੈਸ਼ਰ ਨਾਲ ਆਪਣਾ ਧਰਮ ਇਨਸਾਨੀਅਤ ਦੱਸਣ ਕਾਰਨ ਹੋਏ ਵਿਵਾਦ ਕਾਰਨ ਉਸਨੇ ਚੰਡੀਗੜ੍ਹ ਨੂੰ ਵੀ ਅਲਵਿਦਾ ਕਹਿ ਦਿੱਤੀ। ਫਿਰ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ ਏ ਸਮਾਜ ਵਿਗਿਆਨ ਬਹੁਤ ਵਧੀਆ ਨੰਬਰਾਂ ਨਾਲ ਪਾਸ ਕੀਤੀ ਅਤੇ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦਾ ਚੁਣਿਆ ਹੋਇਆ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ। ਹੁਣ ਤੱਕ ਉਹ ਇਕ ਪਰਪੱਕ ਆਗੂ ਬਣ ਚੁੱਕਾ ਸੀ। 1980-81 ਵਿਚ ਵਿਦਿਆਰਥੀਆਂ ਵੱਲੋਂ ਖੱਬੇ-ਪੱਖੀ ਪਾਰਟੀਆਂ ਦੀ ਅਗਵਾਈ ਵਿੱਚ ਵਧੇ ਹੋਏ ਬੱਸ ਕਿਰਾਏ ਖਿਲਾਫ ਵੱਡੀ ਜੰਗ ਲੜੀ ਗਈ। ਦੀਪਕ ਧਵਨ ਦੀ ਇਸ ਵਿਦਿਆਰਥੀ ਘੋਲ ਵਿੱਚ ਵੀ ਅਹਿਮ ਭੂਮਿਕਾ ਸੀ। ਇਸ ਅੰਦੋਲਨ ਵਿੱਚ ਬਹੁਤ ਸਾਰੇ ਆਗੂਆਂ ਨੂੰ 3-3 ਮਹੀਨੇ ਦੀ ਕੈਦ ਵੀ ਹੋਈ। ਪਰ ਅੰਤ ਵਿੱਚ ਵਿਦਿਆਰਥੀਆਂ ਦੇ ਸੰਘਰਸ਼ ਅੱਗੇ ਸਰਕਾਰ ਨੂੰ ਝੁਕਣਾ ਪਿਆ। ਇਸ ਤੋਂ ਦੀਪਕ ਧਵਨ ਨੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੁਹਾਜ਼ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪੰਜਾਬ ਦਾ ਮਾਹੌਲ ਵਿਗੜਣਾ ਸ਼ੁਰੂ ਹੋਇਆ ਤਾਂ ਪੰਜਾਬ ਦੀ ਖੱਬੇਪੱਖੀ ਲਹਿਰ ਨੇ ਨਿਰਦੋਸ਼ਾਂ ਦੇ ਕਤਲਾਂ ਦੇ ਖਿਲਾਫ਼ ਜਾਨਾਂ ਦੀ ਪਰਵਾਹ ਕੀਤੇ ਬਿਨਾ ਬੋਲਣਾ ਸ਼ੁਰੂ ਕਰ ਦਿੱਤਾ। ਸਾਕਾ ਨੀਲਾ ਤਾਰਾ ਤੋਂ ਬਾਅਦ ਅਗਲੇ ਦੋ ਸਾਲ ਬਹੁਤ ਘੱਟ ਵਾਰਦਾਤਾਂ ਹੋਈਆਂ, ਪਰ 1986 ਵਿੱਚ ਅਕਾਲ ਤਖ਼ਤ ਵਿਖੇ ਹੋਏ ਸਰਬੱਤ ਖਾਲਸਾ ਵਿੱਚ ਖਾਲਸਤਾਨ ਦੀ ਪ੍ਰਾਪਤੀ ਲਈ ਜ਼ਾਰੀ ਹੋਏ ਐਲਾਨਨਾਮੇ ਤੋਂ ਬਾਅਦ ਫਿਰ ਪੰਜਾਬ ਵਿੱਚ ਫਿਰਕੂ ਹਵਾਵਾਂ ਨੇ ਦਮ ਫੜ ਲਿਆ। ਜੋ ਵੀ ਦਹਿਸ਼ਤਗਰਦਾਂ ਖਿਲਾਫ਼ ਬੋਲਦਾ ਸੀ, ਉਸ ਨੂੰ ਹੀ ਏ ਕੇ ਸੰਤਾਲੀਆਂ ਵਾਲੇ ਚੁੱਪ ਕਰਵਾਉਣ ਲਈ ਆ ਪਹੁੰਚਦੇ। ਇਨ੍ਹਾ ਕਾਇਰਾਨਾ ਕਾਰਵਾਈਆਂ ਤਹਿਤ ਪਿੰਡ ਰਸੂਲਪੁਰ (ਨੇੜੇ ਸੰਘਾ ਪਿੰਡ) ਜ਼ਿਲ੍ਹਾ ਤਰਨ ਤਾਰਨ (ਉਦੋਂ ਅੰਮ੍ਰਿਤਸਰ) ਵਿਖੇ ਮਿਤੀ 19 ਮਈ 1987 ਨੂੰ ਕੁੱਝ ਅਖੌਤੀ ਖਾੜਕੂਆਂ ਨੇ ਸਿਰਫ 32 ਸਾਲ ਦੀ ਉਮਰ ਵਿੱਚ ਇਕ ਨੌਜਵਾਨ ਲੋਕ ਆਗੂ ਗੋਲ਼ੀਆਂ ਮਾਰ ਕੇ ਮਾਰ ਦਿੱਤਾ। ਉਸ ਵੇਲੇ ਵੀ ਉਹ ਕਣਕ ਦੇ ਖ਼ਰਾਬੇ ਲਈ ਮੁਆਵਜ਼ੇ ਦੀ ਮੰਗਾਂ ਲਈ ਮਜ਼ਦੂਰਾਂ ਅਤੇ ਕਿਸਾਨਾਂ ਦੀ ਲਾਮਬੰਦੀ ਕਰ ਰਿਹਾ ਸੀ। ਕਾਮਰੇਡ ਦੀਪਕ ਧਵਨ ਦੀ ਮੌਤ ਇਕ ਵਿਅਕਤੀ ਦੀ ਮੌਤ ਨਹੀਂ ਸੀ, ਤੁਰਦੀ ਫਿਰਦੀ ਸਮਾਜਿਕ ਸੰਸਥਾ ਦਾ ਅੰਤ ਸੀ। ਦਹਾਕਿਆਂ ਬਾਅਦ ਵੀ ਮਾਝੇ ਵਿੱਚ ਪਾਰਟੀ ਨੂੰ ਉਹਦੇ ਵਰਗਾ ਆਗੂ ਨਹੀਂ ਮਿਲ ਸਕਿਆ। ਦੀਪਕ ਧਵਨ ਦੀ ਮੌਤ ਪਾਰਟੀ ਲਈ ਹੀ ਨਹੀਂ, ਹਿੰਦੂ-ਸਿੱਖ ਭਾਈਚਾਰਕ ਸਾਂਝ ਦੇ ਮੁਦੱਈਆਂ ਲਈ ਬਹੁਤ ਹਿਰਦੇਵੇਧਕ ਘਟਨਾ ਸੀ। ਅੱਜ ਦੇ ਦਿਨ ਲੋਕ ਘੋਲਾਂ ਨੂੰ ਪ੍ਰਣਾਏ ਹੋਏ ਨੌਜਵਾਨ ਆਗੂ ਸਾਥੀ ਦੀਪਕ ਧਵਨ ਨੂੰ ਲਾਲ ਸਲਾਮ ਕਰਦੇ ਹਾਂ, ਜਿਨ੍ਹਾਂ ਦੇ ਸਦਕਾ ਪੰਜਾਬ ਨੇ ਕਾਲੇ ਦਿਨਾਂ ਤੋਂ ਮੁਕਤੀ ਪ੍ਰਾਪਤ ਕੀਤੀ ਹੈ। ਕਾਮਨਾ ਕਰਦੇ ਹਾਂ ਕਿ ਪੰਜਾਬ ਮੁੜ ਕਦੀ ਉਹ ਦਿਨ ਨਾ ਵੇਖੇ, ਮੇਰਾ ਪੰਜਾਬ ਜੀਵੇ...... ਸਾਂਝੀਵਾਲਤਾ ਦਾ ਪੈਗ਼ਾਮ ਜੀਵੇ।
ਸਰਬਜੀਤ ਸੋਹੀ, ਆਸਟਰੇਲੀਆ
No comments:
Post a Comment