ਜਦੋਂ ਮੇਰੀ ਇਬਾਦਤ ਨੇ ਖ਼ੁਦਾ ਉਸਨੂੰ ਬਣਾ ਦਿੱਤਾ।
ਮੈਂ ਅਪਣੀ ਉਮਰ ਦਾ ਸਿੱਕਾ ਉਦ੍ਹੇ ਦਰ ’ਤੇ ਚੜ੍ਹਾ ਦਿੱਤਾ।
ਬੇਬਹਿਰੀ ਜ਼ਿੰਦਗਾਨੀ ਨੂੰ ਗ਼ਜ਼ਲ ਵਰਗੀ ਬਣਾ ਦਿੱਤਾ।
ਮੇਰੇ ਬਾਬਲ! ਤੂੰ ਐਸੀ ਬਹਿਰ, ਐਸਾ ਕਾਫ਼ੀਆ ਦਿੱਤਾ।
ਸਮੇਂ ਨੇ ਗ਼ਮ ਦੀਆਂ ਕੰਧਾਂ ’ਚ ਜਦ ਮੈਨੂੰ ਚਿਣਾ ਦਿੱਤਾ।
ਤੇਰੀ ਆਵਾਜ਼ ਨੇ ਹਰ ਕੰਧ ਵਿਚ ਬੂਹਾ ਬਣਾ ਦਿੱਤਾ।
ਜਿਨ੍ਹਾਂ ਨੇ ਆਪਣਾ ਰੰਗ ਘੋਲ਼ ਦਿੱਤਾ ਸੰਘਣੀ ਛਾਂ ਵਿਚ,
ਉਨ੍ਹਾਂ ਹੀ ਜ਼ਰਦ ਪੱਤਿਆਂ ਨੂੰ ਦਰਖ਼ਤਾਂ ਨੇ ਗਿਰਾ ਦਿੱਤਾ।
ਮੈਂ ਕਿਰ ਕੇ ਵੀ ਤੇਰੀ ਛਾਵੇਂ ਹੀ ਰਹਿਣਾ ਲੋਚਦੀ ਸਾਂ ਪਰ,
ਮੈਂ ਪੱਤੀ ਨੂੰ ਸਮੇਂ ਦੀ ਪੌਣ ਨੇ ਰਾਹੀਂ ਰੁਲਾ ਦਿੱਤਾ।
ਅਜਾਈਂ ਸੜ ਰਹੇ ਸਨ ਮੇਰਿਆਂ ਸਾਹਾਂ ਦੇ ਪਰਵਾਨੇ,
ਮੈਂ ਹੌਕੇ ਨਾਲ ਦਿਲ ਦੇ ਦਰਦ ਦਾ ਦੀਵਾ ਬੁਝਾ ਦਿੱਤਾ।
ਮੈਂ ਭਾਵੇਂ ਪੱਥਰਾਂ ਦੇ ਸ਼ਹਿਰ ਵਿਚ ਖ਼ੁਦ ਹੋ ਗਈ ਪੱਥਰ,
ਮੈਂ ਬੂਟਾ ਫੇਰ ਵੀ ਪਿੱਪਲ ਦਾ ਤੇੜਾਂ ਵਿਚ ਲਗਾ ਦਿੱਤਾ।
ਮੇਰੇ ਕਤਰੇ ਪਰਾਂ ਵਿਚ ਤਾਂਘ ਸੀ ਹਾਲੇ ਵੀ ਅੰਬਰ ਦੀ,
ਮੈਂ ਅਪਣੀ ਛੱਤ ’ਤੇ ਅਸਮਾਨ ਦਾ ਲੇਬਲ ਲਗਾ ਦਿੱਤਾ।
No comments:
Post a Comment