ਕਿਸੇ ਵੇਲੇ ਜੁਦਾ ਹੋਵੇ ਨਾ ਗ਼ਮ ਇਸ ਜ਼ਿੰਦਗੀ ਨਾਲੋਂ।
ਬੁਰਾ ਕੀ ਹੈ ਜੇ ਮਰ ਜਾਈਏ ਅਜੇਹੀ ਬੇਬਸੀ ਨਾਲੋਂ।
ਕਿਸੇ ਇਕ ਵੀ ਹਨੇਰੇ ਘਰ ’ਚ ਚਾਨਣ ਪਹੁੰਚ ਨਈਂ ਸਕਿਆ,
ਹਨੇਰਾ ਕੀ ਬੁਰਾ ਸੀ ਦੋਸਤੋ! ਇਸ ਰੌਸ਼ਨੀ ਨਾਲੋਂ।
ਰਹੇ ਨਾ ਦੀਨ ਦੁਨੀਆਂ ਨਾ ਹੀ ਹਸਰਤ ਹੋ ਸਕੀ ਪੂਰੀ,
ਦਿਲਾ! ਥੁੜਿ੍ਹਆ ਪਿਆ ਸੀ ਕੀ ਤੇਰਾ ਇਸ ਆਸ਼ਕੀ ਨਾਲੋਂ।
ਖ਼ਰਾ ਰਹਿੰਦਾ ਜੇ ਅਪਣੇ ਦਿਲ ’ਚ ਖ਼ੰਜਰ ਖੋਭ ਲੈਂਦਾ ਮੈ,
ਖ਼ਰੀ ਸੀ ਖ਼ੁਦਕੁਸ਼ੀ ਭੀ ਰੋਜ਼ ਦੀ ਸ਼ਰਮਿੰਦਗੀ ਨਾਲੋਂ।
ਮੁਹੱਬਤ ਨਾਲ ਮਿਕ ਸਕਦੀ ਹੈ ਕਦ ਦੌਲਤ ਜ਼ਮਾਨੇ ਦੀ,
ਕਦੋਂ ਅੱਗੇ ਵਧੀ ਹੈ ਅਕਲ ਭੀ ਦੀਵਾਨਗੀ ਨਾਲੋਂ।
ਕਿਸੇ ਪਾਸੇ ਮਰੋ ਹੁਣ ਰਹਿਬਰੋ! ਸਾਡੇ ਗਲ਼ੋਂ ਲੱਥੋ,
ਅਸੀਂ ਓਦਾਂ ਹੀ ਚੰਗੇ ਹਾਂ ਤੁਹਾਡੀ ਰਹਿਬਰੀ ਨਾਲੋਂ।
ਚੁਰਸਤੇ ਵਿਚ ਖਲੋਅ ਕੇ ਮੈਅਕਸ਼ੀ ਕਰਨੀ ਭੀ ਚੰਗੀ ਹੈ,
ਚਲਾਕਾਂ ਬਗਲਿਆਂ ਭਗਤਾਂ ਦੀ ਝੂਠੀ ਬੰਦਗੀ ਨਾਲੋਂ।
ਬੁਰਾ ਦੁਸ਼ਮਣ ਦਾ ਵੀ ਕਰਦੇ ਨਹੀਂ ਇਹ ਰਿੰਦ ਮੁੱਲਾਂ ਜੀ!
ਇਨ੍ਹਾਂ ਦੀ ਦੁਸਮਣੀ ਬਿਹਤਰ ਹੈ ਥੋਡੀ ਦੋਸਤੀ ਨਾਲੋਂ।
ਨਾ ਦਿਲ ਵਿਚ ਦਰਦ, ਨਾ ਨੈਣੀਂ ਹਯਾ, ਨਾ ਜ਼ਿਹਨ ਪਾਕੀਜ਼ਾ,
ਦਰਿੰਦੇ ਭੀ ਖ਼ਰੇ ਹਨ ਦੋਸਤ ਅਜ ਦੇ ਆਦਮੀ ਨਾਲੋਂ।
ਮੁਬਾਰਿਕ! ਤੂੰ-ਤੂੰ ਮੈਂ-ਮੈਂ ਅਪਣਿਆਂ ਯਾਰਾਂ ’ਚ ਐ ‘ਦੀਪਕ’!
ਖ਼ਰੇ ਹਨ ਜ਼ਿੰਦਗੀ ਦੇ ਨਕਸ਼ ਮੁਰਦਾ ਸ਼ਾਂਤੀ ਨਾਲੋਂ।
No comments:
Post a Comment