ਇਹਨੂੰ ਹਾਰਾ ਕਹਿੰਦੇ ਨੇ ।
ਭੋਜਨ ਬਣਾਉਣ ਦਾ ਪੁਰਾਤਨ ਤੇ ਬੇਹਤਰੀਨ ਤਰੀਕਾ !!
(1985-90 ਤੋਂ ਬਾਦ ਜਿਨਾਂ ਜਨਮ ਲਿਆ ਉਹਨਾਂ ਲਈ ਇਹ ਓਪਰੀ ਚੀਜ਼ ਹੋ ਸਕਦੀ ਹੈ ਇਹ ਪਰ ਉਸ ਤੋਂ ਪਹਿਲਿਆਂ ਲਈ ਨਹੀ )
ਹਾਰੇ ਵਿੱਚ ਪਾਥੀਆਂ ਦੀ ਮੱਠੀ ਮੱਠੀ ਅੱਗ ਤੇ ਬਣੇ ਭੋਜਨ ਦਾ ਸਵਾਦ ਜਿਹਨੇ ਨੇ ਚਖਿਆ ਉਹੀ ਜਾਣਦਾ ਨੇ ।ਹਾਰੇ ਦੀ ਮੱਠੀ ਮੱਠੀ ਅੱਗ ਉੱਤੇ ਤੌੜੀ ਵਿੱਚ ਸਾਰਾ ਦਿਨ ਦੁੱਧ ਕੜ ਦਾ ਰਹਿੰਦਾ ਸੀ ..ਕੜ ਕੜ ਕੇ ਦੁੱਧ ਦਾ ਰੰਗ ਹਲਕਾ ਗੁਲਾਬੀ ਜਿਹਾ ਹੋ ਜਾਂਦਾ ਸੀ …ਉਸ ਦੁੱਧ ਦੇ ਸਵਾਦ ਵਰਗਾ ਸਵਾਦ ਅੱਜ ਤੱਕ ਕਿਤੇ ਨਹੀ ਚਖਿਆ ।ਅੱਜ ਕੱਲ ਗੈਸ ਤੇ ਪੱਕਿਆ ਖਾਣਾ ਸਵਾਦ ਅਤੇ ਪੌਸਟਿਕਤਾ ਪੱਖੋਂ ਹਾਰੇ ਵਿੱਚ ਬਣੇ ਭੋਜਨ ਨਾਲੋਂ ਬਹੁਤ ਥੱਲੇ ਆ ।ਇਹ ਸਾਇੰਸ ਨੇ ਸਿੱਧ ਕਰ ਹੀ ਦਿੱਤਾ ਹੈ ਕਿ ਮਿੱਟੀ ਦੇ ਬਰਤਨਾਂ ਵਿੱਚ ਬਣਿਆ ਭੋਜਨ ਸਭ ਨਾਲੋਂ ਵੱਧ ਪੌਸ਼ਟਿਕ ਹੁੰਦਾ ਹੈ ।
ਨਿੱਕੇ ਹੁੰਦੇ ਸਕੂਲ ਤੋਂ ਆਉਣਾ ਮਾਤਾ ਨੇ ਹਾਰੇ ਵਿੱਚੋਂ ਕੱਢ ਕੇ ਦੁੱਧ ਪਿਆਉਣਾ…ਕਈ ਵਾਰ ਭੁੱਖ ਨਹੀ ਹੁੰਦੀ ਸੀ ਪਰ ਸਵਾਦ ਹੋਣ ਕਰਕੇ ਹੀ ਪੀ ਜਾਂਦੇ ਹੁੰਦੇ ਸੀ …
ਹਾਰੇ ਵਿੱਚ ਦੁੱਧ ਤੋਂ ਇਲਾਵਾ ਪਾਣੀ ਗਰਮ ਕਰਨਾ ਅਤੇ ਦਾਲਾਂ ,ਸਬਜ਼ੀਆਂ ਵੀ ਬਣਾਈਆਂ ਜਾਂਦੀਆਂ ਸੀ ..ਸਾਰਾ ਦਿਨ ਪਾਥੀਆਂ ਦੀ ਮੱਠੀ ਮੱਠੀ ਅੱਗ ਉੱਤੇ ਰਿੱਝਣ ਕਾਰਨ ਭੋਜਨ ਦਾ ਸਵਾਦ ਵੀ ਅਲੱਗ ਹੀ ਹੁੰਦਾ ਸੀ ਅਤੇ ਸਾਰੇ ਪੌਸ਼ਟਿਕ ਤੱਤ ਵੀ ਬਚੇ ਰਹਿੰਦੇ ਸੀ ।ਜਿਵੇਂ ਕੋਲਿਆਂ ਤੇ ਭੁੰਨੀ ਮੱਕੀ ਦੀ ਛੱਲੀ ਦੇ ਸਵਾਦ ਅਤੇ ਗੈਸ ਉੱਤੇ ਭੁੰਨੀ ਛੱਲੀ ਦੇ ਸਵਾਦ ਵਿੱਚ ਫਰਕ ਹੁੰਦਾ ਇਸੇ ਤਰਾਂ ਹੀ ਹਾਰੇ ਵਿੱਚ ਬਣੇ ਭੋਜਨ ਦੀ ਤੁਲਨਾ ਗੈਸ ਤੇ ਬਣੇ ਭੋਜਨ ਨਾਲ ਨਹੀ ਹੋ ਸਕਦੀ ।
ਪੰਜਾਬ ਦੀ ਲੋਕ ਕਲਾ ਦੇ ਦਰਸ਼ਨ ਵੀ ਇਸ ਰਾਹੀਂ ਹੁੰਦੇ ਸੀ ।ਘਰ ਦੀਆਂ ਔਰਤਾਂ ਆਪਣੇ ਹੱਥਾਂ ਨਾਲ ਮਿੱਟੀ ਦੇ ਹਾਰੇ ਬਣਾਉਂਦੀਆਂ ਸਨ ..ਔਰਤਾਂ ਦੀ ਹਸਤ ਕਲਾ ਦਾ ਉਘੜਵਾ ਨਮੂਨਾ ਸੀ ਇਹ .. ਔਰਤਾਂ ਨੇ ਹਾਰੇ ਦੀ ਦਿੱਖ ਸੋਹਣੀ ਬਨਾਉਣ ਲਈ ਇਸ ਉੱਤੇ ਕਈ ਰੰਗ ਬਰੰਗੇ ਚਿੱਤਰ ਵੀ ਬਨਾਉਣੇ ..
ਸਾਡੇ ਸਭਿਆਚਾਰ ਦੇ ਬਾਕੀ ਅਨੇਕਾਂ ਰੰਗਾਂ ਵਾਂਗ ਇਹ ਰੰਗ ਵੀ ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਸਮੇਂ ਦੀ ਘਾਟ ਦੀ ਭੇਂਟ ਚੜ ਗਿਆ ।ਅੱਜ ਕੱਲ ਜ਼ਿੰਦਗੀ ਬੜੀ ਤੇਜ਼ ਰਫ਼ਤਾਰ ਹੋ ਗਈ ਹੈ । ਸਮਾਂ ਸਭ ਨਾਲੋਂ ਕੀਮਤੀ ਮੰਨਿਆ ਜਾਂਦਾ ।ਹੁਣ ਕਿਸੇ ਕੋਲ ਏਨੀ ਵਿਹਲ ਨਹੀ ਕਿ ਸਾਰਾ ਦਿਨ ਹਾਰੇ ਉੱਤੇ ਭੋਜਨ ਬਣਨ ਦੀ ਉਡੀਕ ਕਰਦਾ ਰਹੇ ।ਨਵੀਂ ਤਕਨਾਲੋਜੀ ਨੇ ਗੈਸ ਵਾਲੇ ਚੁਲੇ ਦੇ ਰੂਪ ਵਿੱਚ ਜਲਦੀ ਭੋਜਨ ਬਨਾਉਣ ਦਾ ਬਦਲ ਸਾਨੂੰ ਦੇ ਦਿੱਤਾ ਹੈ । ਗੈਸ ਉੱਤੇ ਕੂਕਰ ਰੱਖਕੇ ਚਾਰ ਸੀਟੀਆਂ ਮਰਵਾਵੋ ਖਾਣਾ ਤਿਆਰ ।ਹੁਣ ਵਾਲੀ ਪੀੜ੍ਹੀ ਇਸ ਵਿੱਚ ਵੀ ਸਮਾਂ ਖਰਾਬ ਨਹੀ ਕਰਦੀ ਇਸ ਲਈ ਹੁਣ ਫਾਸਟ ਫੂਡ ਦਾ ਦੌਰ ਹੈ ।ਅੱਜ ਕੱਲ ਸਮੇਂ ਨੂੰ ਪੌਸਟਿਕਤਾ ਨਾਲੋ ਜਿਆਦਾ ਪਹਿਲ ਦਿੱਤੀ ਜਾਂਦੀ ਹੈ
ਜਿਵੇਂ ਜਿਵੇਂ ਰਹਿਣ ਸਹਿਣ ਬਦਲਦਾ ਹੈ ਤਿਵੇਂ ਤਿਵੇਂ ਭੋਜਨ ਬਣਾਉਣ ਦੇ ਤੌਰ ਤਰੀਕੇ ਵੀ ਬਦਲਦੇ ਰਹਿੰਦੇ ਹਨ ।
ਨਵੀਂ ਪੀੜ੍ਹੀ ਜਿੰਨਾਂ ਨੇ ਇਹ ਚੀਜ਼ਾਂ ਨਹੀਂ ਦੇਖੀਆਂ ਉਹਨਾਂ ਲਈ ਕੋਈ ਮਾਅਨੇ ਨਹੀ ਰੱਖਦੀਆਂ ਪਰ ਜਿਹਨਾਂ ਪੁਰਾਣਿਆਂ ਨੇ ਇਹਨਾਂ ਦਾ ਸੁਆਦ ਮਾਣਿਆ ਉਹਨਾਂ ਨੂੰ ਬੜਾ ਯਾਦ ਆਉਂਦੀਆਂ ਨੇ ।
“ਰੀਝਾਂ ਨਾਲ ਮੈਂ ਬਣਾਇਆ ਸੀ ਹਾਰਾ
ਮਾਹੀ ਉਹਦੇ ਵਿੱਚ ਅੜਕ
ਕੱਲ ਡਿੱਗ ਪਇਆ ਵਿਚਾਰਾ “
ਹਰਵਿੰਦਰ ਸਿੰਘ ਭੱਟੋਂ
94640-00070
Yadan Bachpan Dian
ReplyDelete