ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 17, 2022

ਨਜ਼ਮ - ਤਰਨਜੀਤ ਸਿੰਘ



ਬਣ ਜੱਲਾਦ, ਬਿਨਾਂ ਦੋਸ਼ੋਂ ਹੀ, ਜੀਆ ਜੰਤ ਮੁਕਾ ਦਿੱਤੇ l
ਲਾ ਕੇ ਅੱਗਾਂ ਖ਼ੇਤ ਉਨ੍ਹਾਂ ਨੇ ਸਿਵਿਆਂ ਵਾਂਗ ਬਣਾ ਦਿੱਤੇ l
ਲਾ ਤਾਂ ਦਿੱਤੀ ਸੀ ਸਹਿਜੇ ਹੀ, ਅੱਗ ਬੁਝਾ ਨਾ ਹੋਈ ਪਰ,
ਨਾਲਦਿਆਂ ਦੇ ਸੁਪਨੇ ਆਸਾਂ, ਵੀ ਚੁੱਲ੍ਹੇ ਵਿਚ ਲਾ ਦਿੱਤੇ l
ਪਾਣੀ ਦੂਸ਼ਿਤ, 'ਵਾ ਜ਼ਹਿਰੀਲੀ, ਅੰਬਰ ਘਸਮੈਲਾ ਦਿਸਦਾ,
ਆਦਮ ਜਾਏ ਨੇ ਦੇਖੋ, ਸਭ ਤਾਣੇ ਨੇ ਉਲਝਾ ਦਿੱਤੇ l
ਸੜਕਾਂ, ਰਾਹਾਂ ਉੱਤੇ ਜਿਹੜੇ, ਛਾਵਾਂ ਕਰਦੇ ਆਏ ਸੀ,
ਰੁੱਖ, ਤਣੇ ਤੋਂ ਜੜ੍ਹ ਤੀਕਰ, ਕਮਅਕਲਾਂ ਨੇ ਝੁਲਸਾ ਦਿੱਤੇ l
ਪਰਕਿਰਤੀ ਦਾ ਘਾਣ ਕਰਦਿਆਂ, ਭੁੱਲੜ ਕੁਛ ਕਿਰਸਾਨਾਂ ਨੇ,
ਸਾਰੇ ਹੀ ਕਿਰਸਾਨ ਬੁਰੇ ਨੇ, ਭਰਮ ਦਿਲਾਂ ਵਿਚ ਪਾ ਦਿੱਤੇ l
ਦਿਲ ਕਰਦਾ ਹੈ ਧਾਹਾਂ ਮਾਰਾਂ, ਗਲ ਲਗ ਸੜਿਆਂ ਰੁੱਖਾਂ ਦੇ,
'ਸ਼ਿਵ' ਦੇ ਮਾਂ, ਪੁੱਤਰ ਤੇ ਭੈਣਾਂ, ਬੰਦੇ ਨੇ ਝੁਲਸਾ ਦਿੱਤੇ l 
ਬਾਬੇ ਨਾਨਕ ਨੂੰ ਮੰਨੇਂ, ਪਰ, "ਮਾਤਾ ਧਰਤ" ਨਹੀਂ ਮੰਨੇਂ,
ਇੰਝ ਉਦ੍ਹੇ ਵਾਰਿਸ ਦੇ ਸਾਰੇ, ਦਾਵੇ ਤੂੰ ਝੁਠਲਾ ਦਿੱਤੇ l
ਪਾਪਾਂ ਦਾ ਇਹ ਕੂੜ ਖ਼ਿਲਾਰਾ, ਹੋਣਾ 'ਤਰਨ' ਸਮੇਟ ਨਹੀਂ,
ਹੱਥ ਕਰਾਰੇ ਜਿਸ ਦਿਨ ਤੈਨੂੰ, ਕੁਦਰਤ ਨੇ ਦਿਖਲਾ ਦਿੱਤੇ l
            ਤਰਨਜੀਤ ਸਿੰਘ
            9815404075

No comments:

Post a Comment