ਪ੍ਰਭਾਤ ਵਰਗਾ ਕੁਝ ਨਾ ਕੁਝ
ਮਾਂਗਟ ਜੀ ਨੇ ਇਸ ਕਿਤਾਬ ਨੂੰ ਨਾਮ ਦਿੱਤਾ ਹੈ, ‘ਪ੍ਰਭਾਤ ਵਰਗਾ ਕੁਝ ਨਾ ਕੁਝ’ ਪਰ ਮੇਰੇ ਖਿਆਲ ਵਿੱਚ, ‘ਪ੍ਰਭਾਤ ਵਰਗਾ ਬਹੁਤ ਕੁੱਝ’। ਇਸ ਦਾ ਸਰਵਰਕ ਹਰਮੀਤ ਆਰਟਿਸਟ ਨੇ ਬਹੁਤ ਢੁਕਵਾਂ ਬਣਾਇਆ ਹੈ। ਇਹ ਹਰੇਕ ਦੇਖਣ ਵਾਲੇ ਨੂੰ ਬਹੁਤ ਖਿੱਚਦਾ ਹੈ ਅਤੇ ਬਦੋਬਦੀ ਵਰਕੇ ਥੱਲਣ ਲਈ ਮਨ ਲਲਚਾਉਂਦਾ ਹੈ। ਇਸ ਦੀ ਛਪਾਈ ਵੀ ਬਹੁਤ ਵਧੀਆ ਕਾਗਜ਼ ਤੇ ਬਹੁਤ ਵਧੀਆ ਹੋਈ ਹੈ। ਇਸ ਦੀ ਸੋਧ ਸੁਧਾਈ ਵਿੱਚ ਵੀ ਕੋਈ ਕਸਰ ਨਹੀਂ ਰਹਿਣ ਦਿੱਤੀ। ਇਹਨਾਂ ਵੱਲੋਂ ਕਿਤਾਬ ਉਪਰ ਮੇਰੇ ਲਈ ਲਿਖੀਆਂ ਦੋ ਸਤਰਾਂ ਮੇਰੇ ਮਨ ਵਿੱਚ ਬਹੁਤ ਘਰ ਕਰ ਗਈਆਂ। ‘ਅਤਿ ਸਤਿਕਾਰਯੋਗ ਸ਼ਕਸੀਅਤ ਸ੍ਰ: ਮਨਜੀਤ ਸਿੰਘ ਸੌਂਧ ਜੀ ਨੂੰ ਅਦਬ ਨਾਲ ਭੇਟ’। ਬਲਜਿੰਦਰ ਸਿੰਘ ਮਿਤੀ 16/06/22 । ਮੇਰਾ ਇਹਨਾਂ ਨਾਲ ਮੇਲ ਵੀ ਨਾ ਹੋਇਆ ਸਿਰਫ ਫੇਸਬੁੱਕ ਰਾਹੀਂ ਹੀ ਸਾਡੀ ਜਾਣ ਪਹਿਚਾਣ ਹੈ।
ਇਹਨਾਂ ਨੂੰ ਖੁਦਾ ਤੇ ਬਹੁਤ ਭਰੋਸਾ ਹੈ। ਇਹ ਪਹਿਲੀ ਗ਼ਜ਼ਲ ਵਿਚ ਹੀ ਲਿਖਦੇ ਹਨ:-
ਰੀਝ ਹਰ ਵਾਜਿਬ ਤੇਰੀ ਪੂਰੀ ਕਰੇਗਾ ਖੁਦ ਖੁਦਾ,
ਮੰਗ ਤੂੰ ਬਸ ਆਪਣੀ ਔਕਾਤ ਵਰਗਾ ਕੁਝ ਨਾ ਕੁਝ।
ਅਗਾਂਹ ਲਿਖਦੇ ਹਨ:- ਫਿਰ ਸਫ਼ੇ ਕਾਲ਼ੇ ਕਰੀਂ, ਪਹਿਲਾਂ ਤੂੰ ਇਸ ਤੋਂ ‘ਮਾਂਗਟ’,
ਜ਼ਿਹਨ ਵਿਚ ਪੈਦਾ ਤਾਂ ਕਰ ਜਜ਼ਬਾਤ ਵਰਗਾ ਕੁਝ ਨਾ ਕੁਝ।
ਇਸ ਦੀਆਂ ਗ਼ਜ਼ਲਾਂ ਕੁੱਝ ਨਾ ਕੁੱਝ ਕਹਿੰਦੀਆਂ ਹਨ।
ਕੋਈ, ਫਰੇਬੀ ਦੇ ਕਿਰਦਾਰ ਨੂੰ ਨੰਗਾ ਕਰਦੀ ਹੈ। ਖੁਦਾ ਦੀ ਮਿਹਰ ਸਦਕਾ ਵਲ-ਛਲ ਦਾ ਪਤਾ ਲੱਗ ਜਾਂਦਾ ਹੈ।
ਅਸੀਂ ਸੱਚ ਤੇ ਪਹਿਰਾ ਦੇਣ ਵਾਲਿਆਂ ਨੂੰ ਮੰਨਦੇ ਤਾਂ ਹਾਂ ਪਰ ਉਹਨਾਂ ਤੇ ਪਾਏ ਪੂਰਨਿਆਂ ਉੱਤੇ ਚਲਦੇ ਨਹੀਂ।
ਸਿਆਣਪ ਧੌਲਿਆਂ ਨਾਲ ਨਹੀਂ ਆਉਂਦੀ, ਸਿਆਣਪ ਤਾਂ ਸਰਬਸਾਂਝੀਵਾਲਤਾ ਦੀ ਗੱਲ ਕਰਨ ਵਿੱਚ ਹੈ।
ਉਹ ਕਹਿੰਦਾ ਹੈ ਕਿ ਮੈਂ ਤਾਂ ਅਕਾਲਪੁਰਖ ਦੀ ਉਸਤਤ ਹੀ ਕਰ ਸਕਦਾ ਹਾਂ। ਮਨ ਵਿਚ ਉਸੇ ਦੀ ਰਹਿਮਤ ਨਾਲ ਹੀ ਚੰਗਾ ਆਉਂਦਾ ਹੈ ਅਤੇ ਉਹ ਹੀ ਲਿਖਦਾ ਹਾਂ।
ਮੈਨੂੰ ਕਿਸੇ ਜੰਨ੍ਹਤ ਦੀ ਜ਼ਰੂਰਤ ਨਹੀਂ ਹੈ। ਮੇਰੇ ਲਈ ਤਾਂ ਇਸ ਜੀਵਨ ਦਾ ਪਲ-ਪਲ ਹੀ ਰਮਣੀਕ ਹੈ। ਉਹ ਅੱਖਾਂ ਬੰਦ ਕਰਵਾਉਣ ਦੀ ਗੱਲ ਕਰਦੇ ਹਨ ਪਰ ਇਹ ਅੱਖਾਂ ਖੋਲਣ ਦੀ ਗੱਲ ਕਰਦਾ ਹੈ।
ਸੂਰਤ ਦੇ ਨਾਲ ਸੀਰਤ ਵੀ ਚੰਗੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਸਫਾ 23 ਤੇ ਲਿਖਦੇ ਹਨ:-
ਜਿੱਥੇ ਮਿਲੀਏ, ਜਿੱਥੇ ਬਹੀਏ, ਜਿੱਥੇ ਬੈਠ ਮੁਹਬਤ ਪਨਪੇ,
ਤੀਰਥ ਵਰਗਾ ਜਾਪਣ ਲਗਦਾ, ਅਕਸ ਅਜਿਹੀਆਂ ਥਾਂਵਾਂ ਦਾ।
ਗ਼ਜ਼ਲ ਮੇਰੀ ਤੇ ਝਾਤ ਨਾ ਮਾਰੀਂ, ਸਜਣਾ ੳੇਡਦੀ-ਉਡਦੀ ਤੂੰ,
ਨਿੱਠ ਕੇ ਵੇਖੀਂ ਨਅੱਖਰ-ਅੱਖਰ, ਕੁੰਭ ਲਗੇਗਾ ਭਾਵਾਂ ਦਾ।
ਇਹਨਾਂ ਦੀ ਕੇਵਲ ਇਹ ਗ਼ਜ਼ਲ ਹੀ ਨਹੀਂ ਸਾਰੀ ਕਿਤਾਬ ਹੀ ਧਿਆਨ ਨਾਲ ਵਾਚਨ ਅਤੇ ਮਨ ਵਿੱਚ ਵਸਾਉਣ ਵਾਲੀ ਹੈ।
ਸਫਾ 25 ਤੇ ਲਿਖਦੇ ਹਨ:-
ਰਤਾ ਸੋਚੀਂ ਤੇ ਫਿਰ ਦੱਸੀਂ, ਦਸ਼ਾ ਤੇਰੀ ਕੀ ਹੋਣੀ ਸੀ,
ਅਗਰ ਇਸ ਧਰਤ ‘ਤੇ ਆਇਆ, ਮਰਦ ਅੰਗਮੜਾ ਨਾ ਹੁੰਦਾ।
ਗੁਰੂ ਗੋਬਿੰਦ ਸਿੰਘ ਜੀ ਨੇ ਨਿਤਾਣਿਆਂ ਵਿਚ ਤਾਨ ਪੈਦਾ ਕਰ ਦਿੱਤਾ ਅਤੇ ਜ਼ਾਲਮ ਤੇ ਜ਼ਾਬਰ ਦਾ ਮੁਕਾਬਾ ਕਰਨਾ ਸਿਖਾ ਦਿੱਤਾ।
ਸਫਾ 26 ਤੇ ਲ਼ਿਖਦਾ ਹੈ:-
ਕਿ ਧਰਮ ਖਤਰੇ ਵਿੱਚ ਕਹਿ ਕੇ ਫਿਰ ਲੋਕਾਂ ਨੂੰ ਲੜਾਇਆ ਜਾਵੇਗਾ। ਜਦੋਂ ਅਸਲੀਅਤ ਸਹਮਣੇ ਆਵੇਗੀ ਤਾਂ ਸ਼ਰਮਸਾਰ ਹੋਣਾ ਪਵੇਗਾ।:-
ਜਦੋਂ ਸਭ ਪਾਜ ਖੁੱਲ੍ਹੇਗਾ, ਤੇ ਫਿਰਕੂ ਰਾਜ਼ ਖੁਲ੍ਹੇਗਾ,
ਕਿਵੇਂ ਫਿਰ ਸ਼ਰਮ ਦੇ ਓਹਲੇ, ਲੁਕਾਏ ਜਾਣਗੇ ਖੰਜਰ। (ਸਫਾ 26)
ਪੜ੍ਹਿਆ-ਸੁਣਿਆ ਅੰਦਰ ਦਾ, ਮੰਥਨ ਮੰਗਦੈ,
ਕੁਝ ਨਾ ਅਵੇ ਅਸਮਾਨੋਂ ਇਲਹਾਮ ਜਿਹਾ। (ਸਫਾ 28)
ਗੱਲ ਮੂੰਹੋਂ ਨਾ ਕਹਾਂ, ਜੋ ਕਰ ਸਕਾਂ ਪੂਰੀ ਨਾ ਮੈਂ,
ਉਹ ਕਰਾਂ ਇਕਰਾਰ, ਜੋ ਸਾਰੇ ਨਿਭਾਏ ਜਾਣਗੇ। (ਸਫਾ 29)
ਇਹਨਾਂ ਮਜ੍ਹਬਾਂ ਤੇ ਜਾਤਾਂ ਦੇ, ਨੇ ਜੋ ਮਸਲੇ ਜਮਾਤਾਂ ਦੇ,
ਜਦੋਂ ਤੱਕ ਸੁਲਝ ਨਾ ਜਾਵਣ, ਮੈਂ ਓਨੀ ਦੇਰ ਦੱਸਾਂਗਾ। (ਸਫਾ 34)
ਕੁੜੱਤਣ ਦਿਲ ‘ਚ ਵੀ ਰੱਖੀ, ਲਬਾਂ ‘ਤੇ ਪਿਆਰ ਵੀ ਰਖਿਆ,
ਕਿ ਵੇਖੋ ਫਰਜ਼ ਯਾਰੀ ਦਾ, ਨਿਭਾਇਆ ਦੋਸਤਾਂ ਏਦਾਂ। (ਸਫਾ 40)
ਕਿਸੇ ਤੋਂ ਜਾਤ ਨਾ ਪੁੱਛੇ, ਬਣੇ ਮਜ਼ਲੂਮ ਦਾ ਰਾਖਾ,
ਕਿਤੇ ਦਿੱਸਿਆ ਨਹੀਂ ਮੈਨੂੰ, ਨਾ ਰਹਿਬਰ ਉਹ, ਨਾ ਗ਼ਾਜ਼ੀ ਉਹ। (ਸਫਾ 41)
ਕਦੇ ਵੀ ਆਪਣ ੇ ਮੂੰਹੋਂ, ਮੀਆਂ ਮਿੱਠੂ ਨਾ ਬਣ ‘ਮਾਂਗਟ’,
ਤੂੰ ਜੋ ਕਰਦਾ, ਉਹ ਹਰ ਦਿਲ ‘ਤੇ ਖੁਦਾ ਖੁਦ ਛਾਪ ਦਿੰਦਾ ਹੈ। (ਸਫਾ 43)
ਜੋ ਦਿੱਤੀ ਹੈ ਮੇਰੇ ਨਾਨਕ, ਕਦੇ ਮੈਂ ਨਾ ਵਿਸਾਰਾਂਗਾ,
ਦਯਾ ਤੇ ਸਿਦਕਵਾਲੀ ਜੋ, ਮੈਂ ਗੱਲ ਪ੍ਰਭਾਤ ਦੀ ਕਰਦਾਂ। (ਸਫਾ 46)
ਮੈਂ ਇਸ ਲਿਖਤ ਰਾਹੀਂ ਆਪ ਨੂੰ ਇਸ ਕਿਤਾਬ ਬਾਰੇ ਝਾਤੀ ਮਰਵਾ ਦਿੱਤੀ ਹੈ। ਇਹ ਸਭ ਦੇ ਪੜ੍ਹਨ ਯੋਗ ਹੈ। ਜੇ ਮੈਂ ਹੀ ਸਾਰਾ ਕੁੱਝ ਆਪ ਦੇ ਸਨਮੁੱਖ ਕਰ ਦਿੱਤਾ ਤਾਂ ਫਿਰ ਜੋ ਮਜ਼ਾ ਆਪ ਪੜ੍ਹ ਕੇ ਆਪ ਨੂੰ ਮਿਲਣਾ ਹੈ, ਉਹ ਮਿਲ ਨਹੀਂ ਸਕੇਗਾ।
ਉਹਨਾਂ ਨੇ ਅਖੀਰ ਵਿੱਚ ਲਿਖਿਆ ਹੈ:-
‘ਮਾਂਗਟ’ ਤੂੰ ਵੀ ਚੁੱਪ ਕਰ ਜਾ ਹੁਣ, ਲਾ ਦੇ ਯਾਰ ਬਰੇਕਾਂ ਏਥੇ।
ਮੈਨੂੰ ਵੀ ਹੁਣ ਏਥੇ ਹੀ ਬਰੇਕਾਂ ਲਾ ਦੇਣੀਆਂ ਚਾਹੀਦੀਆਂ ਹਨ। ਮੈਂ ਬੜੇ ਪਿਆਰ ਨਾਲ ‘ਮਾਂਗਟ’ ਜੀ ਨਾਲ ਕੀਤਾ ਵਾਇਦਾ ਪੂਰਾ ਕੀਤਾ ਹੈ। ਮਨਜੀਤ ਸਿੰਘ ਸੌਂਦ। ਮੋਬਾ:9803761451
No comments:
Post a Comment