ਅਸੀਂ ਮੂਕ-ਵਣਾਂ ਚੋਂ ਲੰਘ ਕੇ,
ਰਣ-ਚਾਂਗ ਲਿਆਏ।
ਹੁਣ ਸ਼ੋਰ ਰਸਾਤਲ-ਚੁੱਪ ਵਿਚ
ਸਾਨੂੰ ਟੇਕ ਨਾ ਆਏ।
ਇੱਕ ਸੂਖਮ ਯਾਦ ਦੇ ਚੁੰਮਣਾਂ
ਸਾਡੇ ਹਰਫ਼ ਸ਼ਿੰਗਾਰੇ।
ਹੁਣ ਦਰਿਆ ਬਹਿਰ ਦੀ ਤਾਲ 'ਤੇ
ਇਹ ਨੱਚਣ ਸਾਰੇ।
ਅਸੀਂ ਚਾਨਣ-ਰਿਸ਼ਮ ਨੂੰ ਛੋਹ ਕੇ,
ਖ਼ੁਦ ਚਾਨਣ ਹੋਏ।
ਅਸੀਂ ਪੋਟਾ-ਪੋਟਾ, ਰੋਮ-ਰੋਮ
ਹੋ ਗਏ ਨਰੋਏ।
ਸਾਡੇ ਦਰ 'ਤੇ ਊਂਘਣ ਕਹਿਕਸ਼ਾਂ
ਸਾਡਾ ਹੁਜਰਾ ਮਹਿਕੇ।
ਹੈ ਉੱਚੀ ਲਿਵ ਨਿਰਵਾਣ ਦੀ
ਫੁੱਲ ਜੀਕੂੰ ਟਹਿਕੇ।
ਸਾਡੇ ਅੰਦਰ ਚਿਸ਼ਤੀ ਸਿਲਸਿਲਾ
ਨਿੱਤ ਦੇਂਦਾ ਦਸਤਕ।
ਸਾਡੀ ਰੂਹ ਤਾਹੀਂਓ ਲਿਸ਼ਕੰਦੜੀ
ਨਾਲੇ ਲਿਸ਼ਕੇ ਮਸਤਕ।
ਸਾਡੇ ਬਹੁ-ਲਤੀਫ਼ ਦੇ ਵਲਵਲੇ
ਸਫ਼ਿਆਂ ਦੇ ਲੇਖੇ।
ਸਾਡਾ ਦਰਦ ਮਹੀਨ ਸੁਹੰਦੜਾ
ਰਾਹ ਤੇਰਾ ਵੇਖੇ।
ਤੂੰ ਸਾਡੇ ਵੱਲੇ ਤੱਕ ਲੈ
ਪਾ ਮਿਹਰ ਦਾ ਜਾਮਾ।
ਅਸੀਂ ਤੇਰੇ ਸਿਰ ਤੋਂ ਵਾਰਨਾ
ਇਹ ਖ਼ਾਦਿਮ-ਨਾਮਾ।
No comments:
Post a Comment