ਚਿੱਟੀਆਂ ਕਪਾਹ ਦੀਆਂ ਫੁੱਟੀਆਂ, ਕ੍ਰਿਸਮਿਸ ਰੁੱਖ ਨੇ ਖੜ੍ਹੇ।
ਦੇਖ ਨੀ, ਕਨੇਡਾ ਆ ਕੇ ਦੇਖ ਨੀ, ਰੁੱਖਾਂ ਨੂੰ ਲੱਗੇ ਫੁੱਟ ਨੇ ਬੜੇ।
ਕਪਾਹ ਦੇ ਤਾਂ ਖੇਤ ਨੀ ਖਿੜੇ...
ਕੱਲ੍ਹ ਤੱਕ ਜਿਹੜੇ ਰੁੱਖ, ਹਰੇ ਕੁੱਝ ਸੁੱਕੇ ਨੀ।
ਕਈਆਂ ਦੇ ਤਾਂ ਲੱਕ ਟੁੱਟੇ, ਸਾਹ ਸੱਤ ਮੁੱਕੇ ਨੀ।
ਲਗਦੇ ਨਾ ਫੁੱਲ, ਨਾਹੀਂ ਲੱਗਦੇ ਨੇ ਟੀਂਡੇ ਏਥੇ,
ਰੁੱਖਾਂ ਉਤੋਂ ਰੂੰ ਨੀ ਝੜੇ- ਨੀ ਅੜੀਏ
ਕਪਾਹ ਦੇ ਤਾਂ ਖੇਤ ਨੀ ਖਿੜੇ
ਚਿੱਟੀਆਂ.....
ਖਿੜਕੀ 'ਚੋਂ ਤੱਕਾਂ ਜਦੋਂ, ਚਾਰ ਚੁਫ਼ੇਰ ਨੀ।
ਪੇਂਜਿਆਂ ਨੇ ਪਿੰਜ ਪਿੰਜ, ਲਾਏ ਜਿਉਂ ਢੇਰ ਨੀ।
ਸੁਬਹ ਸ਼ਾਮ ਘਰਾਂ ਅੱਗੋਂ, ਰੂੰ ਨੂੰ ਹਟਾਉਂਦੇ ਪਹਿਲਾਂ,
ਫੇਰ ਕੋਈ ਘਰ ਨੀ ਵੜੇ- ਨੀ ਅੜੀਏ
ਕਪਾਹ ਦੇ ਤਾਂ ਖੇਤ ਨੀ ਖਿੜੇ।
ਚਿੱਟੀਆਂ....
ਕਦੇ ਮੈਂਨੂੰ ਜਾਪੇ ਇਹ ਤਾਂ, ਪਰੀਆਂ ਦਾ ਦੇਸ਼ ਨੀ।
ਚੋਲ਼ਾ ਏ ਸਫੇਦ, ਜਾਪੇ, ਕੋਈ ਦਰਵੇਸ਼ ਨੀ।
ਸਾਰੀ ਕਾਇਨਾਤ ਉੱਤੇ, ਰੂੰ ਦਾ ਵਿਛੌਣਾ ਇੱਕੋ,
ਰੂਪ ਇਹਨੂੰ ਦੁੱਗਣਾ ਚੜ੍ਹੇ- ਨੀ ਅੜੀਏ
ਕਪਾਹ ਦੇ ਤਾਂ ਖੇਤ ਨੀ ਖਿੜੇ।
ਚਿੱਟੀਆਂ....
'ਦੀਸ਼' ਨੂੰ ਤਾਂ ਜਾਪਦਾ ਇਹ, ਵੱਖਰਾ ਨਜ਼ਾਰਾ ਨੀ।
ਕੀਤੀਆਂ ਵਿਛਾਈਆਂ ਜਿਵੇਂ, ਗੁਰੂ ਦਾ ਦੁਆਰਾ ਨੀ।
ਆ ਕੇ ਜ਼ਰਾ ਵੇਖ ਏਥੇ, ਬਿਨਾ ਚੰਨ ਤਾਰਿਆਂ ਤੋਂ,
ਪੁੰਨਿਆਂ ਦੀ ਰਾਤ ਨੀ ਚੜ੍ਹੇ- ਨੀ ਅੜੀਏ
ਕਪਾਹ ਦੇ ਤਾਂ ਖੇਤ ਨੀ ਖਿੜੇ।
ਚਿੱਟੀਆਂ.....
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
gurdish.grewal@gmail.com
No comments:
Post a Comment