ਸਹਿਜਤਾ, ਉਹ ਸਰਲਤਾ ,ਉਹ ਤਰਲਤਾ ਕਿੱਧਰ ਗਈ ,=
ਸ਼ਾਇਰੀ ਮੇਰੀ ਚੋਂ ਉਹ , ਸੰਵੇਦਨਾ ਕਿੱਧਰ ਗਈ ।
ਰੰਗ ਦਿਲਕਸ਼ ਨੇ ਇਨ੍ਹਾਂ ਦੇ, ਦੇਖਣਾ ਬਣਦੈ ਜਲੌ
ਫ਼ੁੱਲ ਕਿੰਨੇ ਖ਼ੂਬਸੂਰਤ , ਵਾਸ਼ਨਾ ਕਿੱਧਰ ਗਈ ।
ਉਤਰੀਆਂ ਨੈਣਾਂ ਦੀਆਂ ਝੀਲਾਂ , ਬਰੇਤੀ ਦੂਰ ਤਕ ,
ਤੇਰੀਆਂ ਜ਼ੁਲਫ਼ਾਂ ਦੀ ਉਹ, ਕਾਲੀ ਘਟਾ ਕਿੱਧਰ ਗਈ।
ਜਦ ਕਦੇ ਮਤਭੇਦ ਪੈਦਾ ਹੋਣ , ਲੜੀਏ , ਝਗੜੀਏ ,
ਆਪਸੀ ਸੰਵਾਦ ਦੀ , ਸਦਭਾਵਨਾ ਕਿੱਧਰ ਗਈ ।
ਬਹਿਰ ਵੀ ਇਸਦੀ ਮੁਕੰਮਲ , ਵਜ਼ਨ ਵਿਚ ਉਤਰੇ ਖਰੀ ,
ਪਰ ਗ਼ਜ਼ਲ ਚੋਂ ਦਰਦ , ਜਜ਼ਬਾ , ਵੇਦਨਾ ਕਿੱਧਰ ਗਈ ।
ਜਾਂ ਲਿਹਾਜ਼ਾਂ ਪਾਲ਼ਦੇ ਜਾਂ ਕੱਢਦੇ ਕਿੜ ਆਪਣੀ ,
ਪਰਖਦੀ ਖੋਟਾ , ਖਰਾ , ਆਲੋਚਨਾ ਕਿੱਧਰ ਗਈ ।
ਹੁਣ ਗਲ਼ੇ ਮਿਲਦੇ ਹਾਂ ਤਾਂ ਗਲਵੱਕੜੀ ਰਸਮੀ ਜਹੀ ,
ਹੁਣ ਦਿਲੋਂ ਅਪਣੱਤ ਦੀ ਸ਼ਿੱਦਤ ਭਲਾ, ਕਿੱਧਰ ਗਈ ।
ਹੱਥ ਮਲਦਾ ਰਹਿ ਗਿਆ ਮੈਂ , ਹੱਥ ਨਾ ਆਈ ਕਦੇ ,
ਮਹਿਕ ਵਰਗੀ ਇਕ ਗ਼ਜ਼ਲ ਉਹ ,ਕੀ ਪਤਾ ਕਿੱਧਰ ਗਈ ।
ਖ਼ਾਬ ਸੀ, ਖ਼ੁਸ਼ਬੂ ਸੀ ,ਕੋਈ ਖ਼ਿਆਲ ਸੀ, ਜਾਂ ਜਲ ਭਰਮ ,
ਕੀ ਬਲਾ ਸੀ, ਕ੍ਰਿਸ਼ਨ ਹੁਣ ਤਕ ਭਾਲ਼ਦਾ, ਕਿੱਧਰ ਗਈ ।
No comments:
Post a Comment