ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 10, 2017

Jaat Te Jamaat - Amarjit Singh Sandhu

ਜਾਤ ਅਤੇ ਜਮਾਤ
ਮੇਰੇ ਦੇਸ਼ ਦੇ ਕਾਮਿਓਂ ਅਕਲਮੰਦੋ,
ਸਾਡੇ ਵਿੱਚ ਭੁਲੇਖੇ ਜੋ ਪਾਏ ਹੋਏ ਨੇ।
ਆਉ ਇਹਨਾਂ ਦਾ ਕੁਝ ਇਲਾਜ ਕਰੀਏ,
ਰੋਗ ਆਪ ਹੀ ਜਿਹੜੇ ਲਗਾਏ ਹੋਏ ਨੇ।
ਅਸਲੀ ਸਾਥੀਆਂ ਤਾਈਂ ਦੁਰਕਾਰਦੇ ਹਾਂ,
ਖ਼ੂਨ ਪੀਣ ਵਾਲੇ ਗਲ਼ੀਂ ਲਾਏ ਹੋਏ ਨੇ।
ਘਰੋਂ ਕੱਢ ਕੇ ਆਪਣੇ ਵੀਰਿਆਂ ਨੂੰ,
ਚੌਂਕੇ ਵਿੱਚ ਬਘਿਆੜ ਬਿਠਾਏ ਹੋਏ ਨੇ।
ਅਸਲੀ ਸਾਂਝ ਹੁੰਦੀ ਯਾਰੋ ਕਿਰਤ ਵਾਲੀ,
ਖ਼ੂਨ, ਜਾਤ, ਬਰਾਦਰੀ ਨਿਰਾ ਧੋਖਾ।
ਜਿੰਨੀ ਦੇਰ ਨਹੀਂ ਲੋੜਾਂ ਦੀ ਸਾਂਝ ਪੈਂਦੀ,
ਓਨੀ ਦੇਰ ਬਰਾਬਰੀ ਨਿਰਾ ਧੋਖਾ।
ਤੇਰੇ ਕੋਲ ਜੇ ਚਾਰ ਸਿਆੜ ਹੀ ਨਹੀਂ,
ਕਾਹਦਾ ਜੱਟ? ਤੇ ਕੀ ਸਰਦਾਰੀਆਂ ਨੇ ?
ਮੱਕੀ ਡੇਢ ਕਨਾਲ ਹੈ ਕੁੱਲ ਬੀਜੀ,
ਚਾਰੇ ਵਾਸਤੇ ਢਾਈ ਕਿਆਰੀਆਂ ਨੇ।
ਆਏ ਸਮੇਂ ਮਰਦੈ ਪਸ਼ੂ ਵਗਣ ਵਾਲਾ,
ਮਾਰਾਂ ਭੁੱਖ ਨੇ ਐਸੀਆਂ ਮਾਰੀਆਂ ਨੇ।
ਮੁੰਡੇ-ਗੱਭਰੂ ਨੂੰ ਕੋਈ ਨਹੀਂ ਸਾਕ ਆਉਂਦਾ,
ਕੋਠੇ ਜਿੱ²ਡੀਆਂ ਧੀਆਂ ਕੁਆਰੀਆਂ ਨੇ।
ਜੇ ਤੂੰ ਫੇਰ ਵੀ ਆਖੇਂ, '' ਮੈਂ ਜੱਟ ਹੁੰਨਾਂ,
ਮੈਂ ਨਹੀਂ ਕਾਮਿਆਂ ਨੂੰ ਕੋਲ ਬਹਿਣ ਦੇਣਾ।''
ਤਾਂ ਫਿਰ ਸੋਚ ਲੈ ਸਾਥੀਆ, ਸਾਥ ਬਾਝੋਂ
ਤੈਨੂੰ ਵੱਸਦਾ ਕਿਸੇ ਨਹੀਂ ਰਹਿਣ ਦੇਣਾ।
ਜੇ ਕੋਈ ਜਨਮ ਲੈ ਕੇ ਹਰੀਜਨਾਂ ਦੇ ਘਰ,
ਹੇਰਾ-ਫੇਰੀਆਂ ਨਾਲ ਅਮੀਰ ਹੋ ਜਾਏ।
ਪੈਸੇ ਵਾਸਤੇ ਪੈਸੇ ਦਾ ਪੁੱਤ ਵਿਕ ਜਾਏ,
ਜਿਨਸ ਵਾਂਗਰਾਂ ਉਹਦੀ ਜ਼ਮੀਰ ਹੋ ਜਾਏ।
ਝੂਠ ਬੋਲ ਕੇ, ਮਕਰ-ਫ਼ਰੇਬ ਕਰ ਕੇ,
ਮੈਂਬਰ ਬਣੇ ਤੇ ਫੇਰ ਵਜ਼ੀਰ ਹੋ ਜਾਏ।
ਸਾਡੇ ਵਿੱਚੋਂ ਈ ਉੱਠ ਕੇ ਕੋਹੜ-ਕਿਰਲੀ,
ਸਾਡਾ ਖ਼ੂਨ ਪੀ ਕੇ ਜੇ ਸ਼ਤੀਰ ਹੋ ਜਾਏ।
ਤਾਂ ਵੀ ਦੇਸ਼ ਦੇ ਕਾਮਿਓਂ ਕਦੀ ਵੀ ਉਹ,
ਤੁਹਾਡੇ ਨਾਲ ਨਹੀਂ ਕਦਮ ਮਿਲਾ ਸਕਦਾ।
ਜਦੋਂ ਲੋਟੂ ਜਮਾਤ ਦੇ ਗਲ਼ ਪਓਗੇ,
ਤੁਹਾਡੇ ਨਾਲ ਉਹ ਕਦੀ ਨਹੀਂ ਆ ਸਕਦਾ।
ਸਾੜ-ਸਤੀ ਜੇ ਮੁਲਕ 'ਤੇ ਆਈ ਹੋਵੇ,
ਜਾਂ ਮਜ਼ਦੂਰ ਮਰਦੈ ਜਾਂ ਕਿਰਸਾਨ ਮਰਦੈ।
ਪੂੰਜੀ ਵਾਲਿਆਂ ਵਿੱਚ ਲੜਾਈ ਹੋਵੇ,
ਜਾਂ ਮਜ਼ਦੂਰ ਮਰਦੈ ਜਾਂ ਕਿਰਸਾਨ ਮਰਦੈ।
ਯਾਰੋ ਅੱਤ ਦੀ ਜਦੋਂ ਮਹਿੰਗਾਈ ਹੋਵੇ,
ਜਾਂ ਮਜ਼ਦੂਰ ਮਰਦੈ ਜਾਂ ਕਿਰਸਾਨ ਮਰਦੈ।
ਹੜ, ਔੜ ਜਾਂ ਸਰਦੀ, ਗਰਮਾਈ ਹੋਵੇ,
ਜਾਂ ਮਜ਼ਦੂਰ ਮਰਦੈ ਜਾਂ ਕਿਰਸਾਨ ਮਰਦੈ।
ਕਿਹੜਾ ਮੰਨੂੰ ਕਿ ਪੇਟ ਦੀ ਭੁੱਖ ਹੱਥੋਂ,
ਕਿਸੇ ਥਾਂ ਕੋਈ ਲੈਂਡ-ਲਾਡ ਮਰਿਐ।
ਜੇ ਕਰ ਕਹੋ, ''ਮਜ਼ਦੂਰ ਕਿਰਸਾਨ ਮਰਿਐ''
ਸਾਰੇ ਕਹਿਣਗੇ, ''ਹਾਂ- ਬਾਈ ਗਾਡ, ਮਰਿਐ।''
ਜੱਟ ਕੋਲ ਜੇ ਡੰਗ ਦਾ ਅੰਨ ਹੀ ਨਹੀਂ,
ਉਹਨੂੰ ਕਿਸੇ ਸਰਦਾਰੀ ਦਾ ਭਾਅ ਕੀ ਏ?
ਇੱਜ਼ਤ ਨਾਲ ਜੇ ਉਹਨੂੰ ਨਾ ਮਿਲੇ ਰੋਟੀ,
ਉੱਚੀ ਜਾਤ ਦਾ ਓਸ ਨੂੰ ਚਾਅ ਕੀ ਏ?
ਜਿਹੜਾ ਰੋਗ ਹੈ ਢਿੱਡ ਦੇ ਵਿੱਚ ਲੱਗਾ,
ਬਿਨਾਂ ਅੰਨ ਤੋਂ ਉਹਦੀ ਦਵਾ ਕੀ ਏ?
ਹਰੀਜਨ ਜੇ ਕੋਈ ਵਜ਼ੀਰ ਬਣਿਐਂ,
ਆਪਾਂ, ਕਾਮਿਆਂ ਨੂੰ ਆਸਰਾ ਕੀ ਏ?
ਆਪਾਂ ਅੰਤ ਅਮੀਰਾਂ ਖ਼ਿਲਾਫ਼ ਲੜਨੈਂ,
ਇਹਨਾਂ ਵਾਸਤੇ ਤੀਰ-ਕਮਾਨ ਹੋ ਜਾਉ!
ਏਕਾ ਅੰਤ ਗ਼ਰੀਬਾਂ ਦਾ ਤੋੜ ਚੜ੍ਹਨੈਂ,
'ਕੱਠੇ ਸਾਰੇ ਮਜ਼ਦੂਰ ਕਿਰਸਾਨ ਹੋ ਜਾਉ!
ਜਾਤਾਂ ਕਈ, ਜਮਾਤਾਂ ਨੇ ਦੋ ਕੇਵਲ,
ਇੱਕ ਲੁੱਟਣ ਤੇ ਦੂਜੀ ਲੁਟਾਉਣ ਵਾਲੀ।
ਇੱਕ ਗੱਦੀਆਂ 'ਤੇ ਬਹਿ ਕੇ ਖਾਣ ਵਾਲੀ,
ਹੱਡ ਭੰਨ ਕੇ ਦੂਜੀ ਕਮਾਉਣ ਵਾਲੀ।
ਇੱਕ ਜੇਠ ਦੀ ਲੂਅ ਵਿਚ ਸੜਨ ਵਾਲੀ,
ਦੂਜੀ ਏਅਰ-ਕੰਡੀਸ਼ਨੀਂ ਸੌਣ ਵਾਲੀ।
ਆਪਾਂ ਕਿਹੜੀ ਜਮਾਤ 'ਚੋਂ ਹਾਂ 'ਸੰਧੂ',
ਗੱਲ ਏਹੋ ਹੈ ਸਮਝਣ ਸਮਝਾਉਣ ਵਾਲੀ।
ਜਦੋਂ ਜਾਤ ਨੂੰ ਛੱਡ ਜਮਾਤ ਵਾਲੀ,
ਸਾਂਝ ਲੱਭ ਲੀਤੀ ਆਪਾਂ ਸਾਰਿਆਂ ਨੇ।
ਓਦੋਂ ਮਹਿਲਾਂ ਨੂੰ ਢਾਹ ਕੇ ਢੇਰ ਕਰਨੈਂ,
ਸਾਡੇ ਕੋਠਿਆਂ, ਛੱਪਰਾਂ, ਢਾਰਿਆਂ ਨੇ।
(ਮੋਬ.. 94636-13528)

No comments:

Post a Comment