ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 19, 2017

Gazal - Harjinder Bal

ਮੇਰੇ ਦਿਲਬਰ ਨੇ ਵੇਖੋ ਪਿਆਰ ਦਾ ਕੇਹਾ ਸਿਲਾ ਦਿੱਤਾ।
ਮੇਰਾ ਦਿਲ ਤੋੜਿਆ ਖ਼ੁਦ ਹੀ ਤੇ ਆਪੇ ਹੌਸਲਾ ਦਿੱਤਾ।
ਕਰਾਂ ਕਿੱਦਾਂ ਨਿਤਾਰਾ ਦੋਸਤਾਂ ਤੇ ਦੁਸ਼ਮਣਾਂ ਦਾ ਮੈਂ ?
ਲਗਾਏ ਫੱਟ ਯਾਰਾਂ, ਦੁਸ਼ਮਣਾਂ ਮਰਹਮ ਲਗਾ ਦਿੱਤਾ।
ਮੈਂ ਜਿਹੜੇ ਬਾਗ ਦਾ ਹਰ ਫੁੱਲ ਰੀਝਾਂ ਨਾਲ਼ ਲਾਇਆ ਸੀ,
ਮੈਂ ਓਸੇ ਬਾਗ ਨੂੰ ਅੱਜ ਆਪਣੇ ਹੱਥੀਂ ਜਲਾ ਦਿੱਤਾ।
ਕਿਹਾ ਉਸਨੇ ਮੈਂ ਉਸਦੇ ਪਿਆਰ ਵਿਚ ਦੁਨੀਆਂ ਭੁਲਾ ਦੇਵਾਂ,
ਜਦੋਂ ਦੁਨੀਆਂ ਭੁਲਾ ਦਿੱਤੀ ਮੈਂ, ਉਸ ਮੈਨੂੰ ਭੁਲਾ ਦਿੱਤਾ।
ਤੂੰ ਸਾਰੀ ਉਮਰ ਹੀ ਸਾਨੂੰ ਨਚਾਇਐ ਉਂਗਲ਼ਾਂ ਉੱਤੇ,
ਮਦਾਰੀ ਸੀ ਤੂੰ ਸਾਨੂੰ ਵੀ ਤਮਾਸ਼ਾ ਹੀ ਬਣਾ ਦਿੱਤਾ।
ਇਕੱਲਾ ਮੈਂ ਹੀ ਨਹੀਂ ਕਹਿੰਦਾ ਦਿਲਾ! ਇਤਿਹਾਸ ਕਹਿੰਦਾ ਏ,
ਮੁਹੱਬਤ ਵਿਚ ਉਹੀ ਜਿੱਤੇ, ਜਿਨ੍ਹਾਂ ਸਭ ਕੁਝ ਗਵਾ ਦਿੱਤਾ।
ਅਸਾਡੀ ਹੋਂਦ ਹੀ ਕੀ ਹੈ? ਖਿਡੌਣੇ ਹਾਂ ਅਸੀਂ ਤੇਰੇ,
ਜਦੋਂ ਚਾਹਿਆ, ਬੁਲਾਇਆ, ਤੋੜਿਆ, ਠੀਕ੍ਹਰ ਬਣਾ ਦਿੱਤਾ।
ਗ਼ਿਲਾ ਕੈਦੋ 'ਤੇ ਨਾ ਚੂਚਕ 'ਤੇ, ਨਾ ਹੀ ਖੇੜਿਆਂ ਉੱਤੇ,
ਸਲੇਟੀ ਨੇ ਹੀ ਜਦ ਚਾਕ ਆਪਣਾ ਦਿਲ 'ਚੋਂ ਭੁਲਾ ਦਿੱਤਾ।
ਤੂੰ ਕਿੱਧਰ ਤੁਰ ਗਿਐਂ ਖ਼ਬਰੇ ਜੁੱਗੋ-ਜੁੱਗ ਜੀਣਿਆਂ ਸਜਣਾ!
ਨਹੀਂ ਮੁੜ ਕੇ ਕਦੇ ਤੂੰ ਆਪਣਾ ਫਿਰ ਥਹੁ-ਪਤਾ ਦਿੱਤਾ।
ਰਜ਼ਾ ਹੈ ਰੱਬ ਦੀ ਇਹ ਤਾਂ, ਅਜੇ ਤਕ ਜੀ ਰਿਹਾ ਹਾਂ ਮੈਂ,
ਤੁਸੀਂ ਤਾਂ ਆਪਣੇ ਵੱਲੋਂ, ਕਦੋਂ ਦਾ ਸੀ ਮੁਕਾ ਦਿੱਤਾ।
ਮੇਰੇ ਗੀਤਾਂ ਦੀ ਸੀ ਤੂੰ ਜਾਨ, ਗ਼ਜ਼ਲਾਂ ਵਰਗੀਏ ਕੁੜੀਏ!
ਤੇਰੇ ਬਿਨ ਗੀਤ ਵਿਲਕਣ, ਤੂੰ ਗ਼ਜ਼ਲ ਕਹਿਣਾ ਭੁਲਾ ਦਿੱਤਾ।
ਉਹ ਕਹਿੰਦਾ ਸੀ ਮੈਂ ਨਹੀਂ ਆਉਣਾ, ਮੈਂ ਕਹਿੰਦਾ ਸੀ ਮੈਂ ਨਹੀਂ ਜੀਣਾ,
ਅਸਾਂ ਦੋਵਾਂ ਨੇ ਹੀ ਅੱਜ ਆਪਣਾ ਵਾਅਦਾ ਨਿਭਾ ਦਿੱਤਾ।

No comments:

Post a Comment