ਐਵੇਂ ਭਰਮ ਭੁਲੇਖੇ ਪਾਲ ਕੇ ਬੈਠੈ ਹਾਂ ।
ਜਿੰਦ ਨਿਮਾਣੀਂ ਗ਼ਮਾਂ 'ਚ ਗਾਲ ਕੇ ਬੈਠੇ ਹਾਂ ।
ਵਿੱਚ ਅਸਮਾਨੀਂ ਉੱਡਗੇ, ਰਿਸ਼ਤੇ ਖੰਭ ਲਾਕੇ,
ਧਰਤੀ ਉੱਤੇ ਮੋਹ ਸੰਭਾਲਕੇ ਬੈਠੇ ਹਾਂ ।
ਅੱਖੀਆਂ ਵਿਚੋਂ ਆਪ ਮੁਹਾਰੇ ਵਹਿ ਤੁਰਿਆ,
ਚਿਰਾਂ ਤੋਂ ਜਿਹੜੇ ਨੀਰ ਨੂੰ ਟਾਲਕੇ ਬੈਠੇ ਹਾਂ ।
ਤਨ ਤੇ ਮੈਲੇ ਕੱਪੜੇ, ਅੰਦਰੋਂ ਪਾਕਿ ਬੜੇ,
ਆਪਣੇ ਆਪ ਨੂੰ ਏਦਾਂ ਢਾਲਕੇ ਬੈਠੇ ਹਾਂ ।
ਗਈਆਂ ਵਿਕ ਜ਼ਮੀਰਾਂ, ਸੌਦੇ ਹੋ ਗਏ ਨੇ,
ਫਿਰ ਵੀ ਕਾਹਤੋਂ ਜ਼ਫਰ ਜਾਲ ਕੇ ਬੈਠੇ ਹਾਂ ।
ਮਗਰਮੱਛ ਨਾਲ ਰਹਿਕੇ ਵਿੱਚ ਸਮੁੰਦਰ ਦੇ,
ਖਾਹ-ਮਖਾਹ ਹੀ ਵੈਰ ਪਾਲ ਕੇ ਬੈਠੇ ਹਾਂ ।
ਮਨ ਆਪਣੇ ਦੇ ਅੰਦਰ ਦੀਪ ਜਗਾਇਆ ਨਾ,
ਥਾਂ-ਥਾਂ ਉੱਤੇ ਦੀਵੇ ਬਾਲਕੇ ਬੈਠੇ ਹਾਂ ।
ਉਸ ਸਖਸ਼ ਤੇ ਅਜੇ ਵੀ ਸਾਨੂੰ ਮਾਣ ਬੜਾ,
"ਰਾਜਨ" ਲਈ ਜੋ ਦਿਲ ਉਬਾਲਕੇ ਬੈਠੇ ਹਾਂ ।
-ਸ਼ੇਲਿੰਦਰਜੀਤ ਸਿੰਘ ਰਾਜਨ (98157-69164)
No comments:
Post a Comment