ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 18, 2017

Dil - Mandeep Kaur Sidhu


ਜਿਵੇਂ ਧੁੱਪ ਨੇ ਅੱਖ ਚੀਰੀ ਹੋਵੇ
ਕੋਈ ਨਫ਼ਰਤ ਦੀ ਵੀ ਫ਼ਕੀਰੀ ਹੋਵੇ
ਜਿਵੇਂ ਬਦਕਿਸਮਤੀ ਲਕੀਰੀ ਹੋਵੇ
ਕੋਈ ਖੁੱਸੀ ਹੋਈ ਜਗੀਰੀ ਹੋਵੇ
ਜਿਵੇਂ ਰਾਜ਼ ਕੋਈ ਖੁਲ੍ਹਿਆ ਹੋਵੇ
ਅੱਥਰੂ ਟੁੱਟ ਕੇ ਡੁੱਲਿਆ ਹੋਵੇ 
ਜਿਵੇਂ ਫੋੜਾ ਕੋਈ ਫੁੱਲਿਆ ਹੋਵੇ
ਅਦਮੋਇਆ ਭਿਖ਼ਾਰੀ ਰੁਲਿਆ ਹੋਵੇ
ਜਿਵੇਂ ਕੋਹੜ ਨਾਲ ਕੋਈ ਲਾਸ਼ ਹੋਵੇ 
ਖਿੰਡੀ ਹੋਈ ਕੋਈ ਤਾਸ਼ ਹੋਵੇ 
ਜਿਵੇਂ ਕੜਵਾਹਟ ਦੀ ਹੀ ਚਾਸ਼ ਹੋਵੇ 
ਕਿਸੇ ਗੁੰਮ ਹੋਏ ਦੀ ਤਲਾਸ਼ ਹੋਵੇ
ਜਿਵੇਂ ਰਾਜਾ ਬਣਿਆ ਰੰਕ ਹੋਵੇ 
ਕਿਸੇ ਮੱਥੇ ਮੜ੍ਹਿਆ ਕਲੰਕ ਹੋਵੇ 
ਜਿਵੇਂ ਖਿੰਡਰਿਆ ਹੋਇਆ ਪੰਖ ਹੋਵੇ 
ਬਿਨਾਂ ਮੋਤੀਆਂ ਦੇ ਸ਼ੰਖ ਹੋਵੇ
ਜਿਵੇਂ ਰੂਹ ਨੂੰ ਰੂਹ ਹੀ ਛੱਡ ਗਈ ਹੋਵੇ 
ਦੁੱਖਦੀ ਕੋਈ ਰ਼ਗ ਹੀ ਵੱਢ ਲਈ ਹੋਵੇ 
ਜਿਵੇਂ ਪੀੜ ਕੋਈ ਨਵੀਂ ਸੱਦ ਲਈ ਹੋਵੇ 
ਅੱਖੀਆਂ ਨੇ ਲਹੂ ਦੀ ਧਾਰ ਕੱਢ ਲਈ ਹੋਵੇ
ਜਿਵੇਂ ਹਰ ਪਾਸੇ ਹੀ ਸੋਕਾ ਹੋਵੇ 
ਕੋਈ ਜਿਉਂਣ ਦਾ ਨਾ ਮੌਕਾ ਹੋਵੇ 
ਜਿਵੇਂ ਮਰਿਆ ਹੋਇਆ ਕੋਈ ਧੋਖਾ ਹੋਵੇ 
ਚੀਕਦਾ ਕੋਈ ਹੋਕਾ ਹੋਵੇ
ਜਿਵੇਂ ਪੈਰ ਥੱਲੇ ਕੋਈ ਮਿੱਧਿਆ ਕੀੜਾ ਹੋਵੇ 
ਕੋਈ ਪਾਟਾ ਪੁਰਾਣਾ ਲੀੜਾ ਹੋਵੇ 
ਜਿਵੇਂ ਖ਼ਤਮ ਕਰਨ ਦਾ ਬੀੜਾ ਹੋਵੇ 
ਕੋਈ ਵੱਧਦੀ ਜਾਂਦੀ ਪੀੜਾ ਹੋਵੇ
ਜਿਵੇਂ ਸੀਨੇ ਤਲਵਾਰ ਆਰ ਪਾਰ ਹੋਵੇ 
ਅਰਥੀ ਚੁੱਕਣ ਨੂੰ ਵੀ ਨਾ ਬੰਦੇ ਚਾਰ ਹੋਵੇ 
ਜਿਵੇਂ ਕੋਈ ਜਿੱਤੇ ਹੋਏ ਦੀ ਹਾਰ ਹੋਵੇ 
ਕਿਸੇ ਮਾੜੀ ਠੰਡ ਦੀ ਠਾਰ ਹੋਵੇ
ਜਿਵੇਂ ਕਿਸੇ ਫ਼ਨੀਅਰ ਦਾ ਜ਼ਹਿਰ ਹੋਵੇ 
ਹਨ੍ਹੇਰੀ ਰਾਤ ਦਾ ਕਹਿਰ ਹੋਵੇ 
ਜਿਵੇਂ ਮਹਾਂਮਾਰੀ ਦੀ ਲਹਿਰ ਹੋਵੇ 
ਕੋਈ ਤਸੀਹਿਆਂ ਦਾ ਸ਼ਹਿਰ ਹੋਵੇ
ਜਿਵੇਂ ਟੁੱਟਿਆ ਕੱਚ ਚੂਰ ਹੋਵੇ 
ਕਿਸੇ ਅਣਜਾਣ ਦੀ ਘੂਰ ਹੋਵੇ 
ਜਿਵੇਂ ਕੋਈ ਚੋਟੀ ਦਾ ਗਰੂਰ ਹੋਵੇ 
ਕੋਈ ਬੇਬੱਸ ਤੇ ਮਜਬੂਰ ਹੋਵੇ
............ ਮਨਦੀਪ ਕੌਰ ਸਿੱਧੂ

No comments:

Post a Comment