ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, November 3, 2017

Amber Chalea Kern Udasi - Pali Khadim

ਅੰਬਰ ਚੱਲਿਆ ਕਰਨ ਉਦਾਸੀ,
ਪਰਬਤ ਝੁਕ ਝੁਕ ਤੱਕੇ।
ਧੂੜਾਂ ਉਸਦਾ ਮੱਥਾ ਚੁੰਮਣ,
ਪੈਂਡੇ ਹੱਕੇ-ਬੱਕੇ।
ਉਸ ਦੀ ਪਗਬੋਸੀ ਦੀ ਖ਼ਾਤਿਰ,
ਰਿਸ਼ਮਾਂ ਸੀਸ ਝੁਕਾਇਆ।
ਰਿਸ਼ਮਾਂ ਦਾ ਹੁਣ ਤਾਹੀਓਂ ਜਾਪੇ,
ਅੰਗ-ਅੰਗ ਰੁਸ਼ਨਾਇਆ।
ਜੂਹਾਂ ਦੇ ਸਾਹ ਸੰਦਲੀ ਹੋਏ,
ਚਾਨਣ ਨੂੰ ਗਲ ਲਾ ਕੇ।
ਪੌਣ ਵਣਾਂ ਚੋਂ ਮਾਰੇ ਝਾਤੀ,
ਧੁੱਪ ਦਾ ਬਾਣਾ ਪਾ ਕੇ।
ਰਿਸ਼ਮ-ਰਬਾਬ ਦੇ ਸਾਹ ਗਏ ਕੀਲੇ,
ਪੋਟੇ ਜਦੋਂ ਛੁਹਾਏ।
ਬੂਟਾ-ਬੂਟਾ, ਪੱਤੀ-ਪੱਤੀ,
ਨਾਨਕ ਦੇ ਸੰਗ ਗਾਏ।
ਤਾਰਾ-ਗਣ ਦੇ ਵਾਂਗੂੰ ਚਮਕਣ,
ਨ੍ਹੇਰੇ ਦੀ ਰੱਤ ਪੀ ਕੇ।
ਯੁੱਗੋਂ ਕਾਲੇ ਵਰਕੇ ਪਾੜੇ,
ਨੂਰੀ ਹਰਫ਼ ਉਲੀਕੇ।
ਜ਼ੁਲਮ ਦਾ ਪਿੰਡਾ ਝੰਬ ਰਹੇ ਨੇ,
ਸੁਚੜੇ ਬੋਲ ਇਲਾਹੀ।
ਬਾਬੇ ਕੋਲ ਰਬਾਬੀ ਬੈਠਾ,
ਰਾਗ ਦਾ ਪੀੜਾ ਡਾਹੀ।
ਚੌਦਾਂ ਤਬਕਾਂ ਦਸਤਕ ਦਿੱਤੀ,
ਦਿੱਤੇ ਬੋਲ ਸੁਣਾਈ।
"ਸਭਨਾ ਜੀਆ ਕਾ ਇਕੁ ਦਾਤਾ,
ਸੋ ਮੈ ਵਿਸਰਿ ਨ ਜਾਈ।।"
- ਪਾਲੀ ਖ਼ਾਦਿਮ
(ਲੰਮੀ ਨਜ਼ਮ "ਉਦਾਸੀ" ਵਿਚੋਂ)

No comments:

Post a Comment