ਇਕ ਵਾਰ ਇਕ ਜ਼ਹਿਰੀਲਾ ਸੱਪ ਨਦੀ ਦੇ ਕੰਢੇ ਲੇਟ ਕੇ ਧੁੱਪ ਸੇਕ ਰਿਹਾ ਸੀ ਕਿ ਪਤਾ ਨਹੀਂ ਕਿਧਰੋਂ ਕਾਲਾ ਕਾਂ ਉਹਦੇ ਉੱਪਰ ਝਪਟ ਪਿਆ ਅਤੇ ਸੱਪ ਨੂੰ ਆਪਣੇ ਪੰਜਿਆਂ ਵਿਚ ਫਸਾ ਕੇ ਅਸਮਾਨ ਵਿਚ ਉੱਡ ਗਿਆ। ਸੱਪ ਬੁਰੀ ਤਰ੍ਹਾਂ ਫਸਿਆ ਵੇਖ ਕੇ ਖ਼ੁਦ ਨੂੰ ਕਾਂ ਦੇ ਪੰਜਿਆਂ ਵਿਚੋਂ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਾ। ਇਹ ਵੇਖ ਕੇ ਸੱਪ ਨੇ ਗੁੱਸੇ ਵਿਚ ਫੁਕਾਰਦਿਆਂ ਹੋਇਆਂ ਕਾਂ ਦੇ ਸਰੀਰ ਵਿਚ ਆਪਣੇ ਜ਼ਹਿਰੀਲੇ ਦੰਦ ਖੁਭਾ ਦਿੱਤਾ।
ਕੁਝ ਹੀ ਦੇਰ ਬਾਅਦ ਜ਼ਹਿਰ ਦਾ ਅਸਰ ਦਿਖਾਈ ਦੇਣ ਲੱਗ ਪਿਆ। ਕਾਂ ਦਰਦ ਨਾਲ ਤੜਫਦਾ ਹੋਇਆ ਅਸਮਾਨ ਤੋਂ ਸਿੱਧਾ ਧਰਤੀ ਉਪਰ ਆ ਕੇ ਡਿੱਗ ਪਿਆ । ਸੱਪ ਮਰਦੇ ਹੋਏ ਕਾਂ ਦੇ ਪੰਜਿਆਂ ਵਿਚੋਂ ਨਿਕਲ ਕੇ ਭੱਜ ਗਿਆ ।
ਕਾਂ ਜਦੋਂ ਮੌਤ ਦੇ ਦਰਵਾਜ਼ੇ 'ਤੇ ਖਲੋਤਾ ਸੀ, ਸੱਪ ਦਾ ਜ਼ਹਿਰ ਉਹਦੇ ਸਰੀਰ ਦੇ ਹਰ ਹਿੱਸੇ ਵਿਚ ਫੈਲ ਚੁੱਕਾ ਸੀ। ਮਰਨ ਤੋਂ ਕੁਝ ਪਲ ਪਹਿਲਾਂ ਉਹਨੇ ਸੋਚਿਆ-'ਕੀ ਮੈਨੂੰ ਪਹਿਲਾਂ ਨਹੀਂ ਸੀ ਸੋਚਣਾ ਚਾਹੀਦਾ ? ਇਹ ਮੇਰੀ ਬੜੀ ਵੱਡੀ ਗਲਤੀ ਸੀ ਕਿ ਬਿਨਾਂ ਸੋਚਿਆਂ-ਸਮਝਿਆਂ ਮੈਂ ਇਕ ਜ਼ਹਿਰੀਲੇ ਸੱਪ ਨੂੰ ਚੁੱਕ ਲਿਆ। ਆਖ਼ਿਰਕਾਰ ਉਹੋ ਸੱਪ ਮੇਰੀ ਮੌਤ ਦਾ ਕਾਰਨ ਬਣਿਆ।
ਸਿੱਟਾ: ਸਮਝਦਾਰ ਲੋਕ ਕੰਮ ਤੋਂ ਪਹਿਲਾਂ ਸੋਚਦੇ ਹਨ , ਮੂਰਖ ਲੋਕ ਕੰਮ ਕਰਨ ਤੋਂ ਬਾਅਦ ਸੋਚਦੇ ਹਨ।
No comments:
Post a Comment