ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 16, 2022

ਗ਼ਜ਼ਲ - ਹਰਜਿੰਦਰ ਬੱਲ



ਭੁਲਾ ਦਿੱਤਾ ਉਨ੍ਹਾਂ ਸਾਨੂੰ ਜਦੋਂ ਬੀਤੀ ਸਦੀ ਵਾਂਗੂੰ।
ਗੁਜ਼ਾਰੀ ਜ਼ਿੰਦਗੀ ਬਾਕੀ ਅਸੀਂ ਫਿਰ ਖ਼ੁਦਕੁਸ਼ੀ ਵਾਂਗੂੰ।

ਮਸਾਂ ਸੰਭਾਲ਼ਿਆ ਦਿਲ ਨੂੰ, ਮੈਂ ਭੁੱਬਾਂ ਮਾਰ ਕੇ ਰੋਇਆ
ਦਿਲਾਸਾ ਵੀ ਜਦੋਂ ਦਿੱਤਾ ਉਨ੍ਹਾਂ ਨੇ ਮਸ਼ਕਰੀ ਵਾਂਗੂੰ।

ਮਿਲੀ ਹੈ ਜ਼ਿੰਦਗੀ ਸਾਨੂੰ ਮੁਸੀਬਤ ਨਿਤ ਨਵੀਂ ਲੈ ਕੇ,
ਮਿਲੀ ਨਾ ਜ਼ਿੰਦਗੀ ਸਾਨੂੰ ਕਦੇ ਵੀ ਜ਼ਿੰਦਗੀ ਵਾਂਗੂੰ।

ਇਕੱਠੇ ਚੱਲਣਾ ਬਿਲਕੁਲ ਉਦੋਂ ਸੰਭਵ ਨਹੀਂ ਹੁੰਦਾ,
ਚੁਭਣ ਇਕ ਦੂਸਰੇ ਦੇ ਬੋਲ ਜਦ ਤਿੱਖੀ ਛੁਰੀ ਵਾਂਗੂੰ।

ਨਾ ਜਾਣੇ ਚੁਭ ਰਿਹੈ ਹਾਸਾ ਤੇਰਾ ਕਿਉਂ ਛਿਲਤਰਾਂ ਬਣ ਬਣ,
ਜਿਹੜਾ ਹਾਸਾ ਕਦੇ ਹੁੰਦਾ ਸੀ ਮਿਸ਼ਰੀ ਦੀ ਡਲ਼ੀ ਵਾਂਗੂੰ।

ਤੇਰੇ ਹਰ ਇਕ ਇਸ਼ਾਰੇ ’ਤੇ ਮੈਂ ਨੱਚਾਂਗਾ ਨਾ ਰੱਖੀਂ ਆਸ,
ਨਿਭਾ ਹੋਣੀ ਨਾ ਮੈਥੋਂ ਦੋਸਤੀ ‘ਚਮਚਾਗਿਰੀ’ ਵਾਂਗੂੰ।

ਖ਼ੁਸ਼ੀ ਦੀ ਆਸ ਨੇ ਸੀਨੇ ’ਚ ਹੀ ਦਮ ਤੋੜ ਦਿੱਤਾ ਜਦ,
ਖਿਡਾਏ ਫਿਰ ਅਸੀਂ ਨੈਣਾਂ ’ਚ ਹੰਝੂ ਹੀ ਖ਼ੁਸ਼ੀ ਵਾਂਗੂੰ।

ਮੁਹੱਬਤ ਵਿਚ ਨਫ਼ੇ-ਨੁਕਸਾਨ ਬਾਰੇ ਸੋਚਦੈਂ ਕਿਉਂ ‘ਬੱਲ’?
ਮੁਹੱਬਤ ਹੋ ਨਹੀਂ ਸਕਦੀ ਕਦੇ ਸੌਦਾਗਰੀ ਵਾਂਗੂੰ।

No comments:

Post a Comment