ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 27, 2019

ਦਿਨੋ ਦਿਨ ਹੋ ਰਿਹਾ ਏ ਹੋਰ ਸੌੜਾ - Krishan Bhanot


ਦਿਨੋ ਦਿਨ ਹੋ ਰਿਹਾ ਏ ਹੋਰ ਸੌੜਾ , ਕਿ ਮੈਂ ਸਿਰਜਾਂ ਨਵਾਂ ਸੰਸਾਰ ਕੋਈ ,
ਇਹ ਅੰਬਰ ਤਾਂ ਹੈ ਬਸ ਨਜ਼ਰਾਂ ਦੀ ਸੀਮਾ , ਬੁਲੰਦੀ ਦਾ ਨ ਪਾਰਾਵਾਰ ਕੋਈ ।

ਅਨੇਕਾਂ ਸੂਰਜੀ ਮੰਡਲ ਨੇ ਭੌਂਦੇ , ਗਤੀ ਵਿਚ ਨੇ ਸਹੰਸਰ ਕਹਿਕਸ਼ਾਵਾਂ ,
ਰਚਾਈ ਹੈ ਕਿਵੇਂ ਮਾਦੇ ਨੇ ਲੀਲਾ , ਸਰਿਸ਼ਟੀ ਦਾ ਨ ਸਿਰਜਣਹਾਰ ਕੋਈ ।

ਕਿਵੇਂ ਲੋਕਾਂ ਦੀਆਂ ਅਣਖਾਂ ਜਗਾਵੇ , ਜ਼ਮੀਰ ਅਪਣੀ ਨ ਹੋਵੇ ਜਾਗਦੀ ਜੇ ,
ਜਿਨ੍ਹਾਂ ਲੋਕਾਂ ਦੀਆਂ ਮਰੀਆਂ ਜ਼ਮੀਰਾਂ , ਨਹੀਂ ਜ਼ਿੱਲਤ ਦਾ ਮਨ ਤੇ ਭਾਰ ਕੋਈ ।

ਮੈਂ ਇਸਦੀ ਤਾਬਿਆ ਵਿਚ ਬੈਠ ਜਾਵਾਂ , ਤੇ ਹੱਥਾਂ ਵਿਚ ਕ਼ਲਮ ਕਾਗ਼ਜ਼ ਉਠਾਵਾਂ ,
ਸੁਣਾਉਂਦਾ ਹੈ ਸਮਾਂ ਜਦ ਹੁਕਮਨਾਮਾ , ਨ ਇਸਤੋਂ ਕਰ ਸਕੇ ਇਨਕਾਰ ਕੋਈ ।

ਇਹ ਚੇਤਨ , ਅਰਧ -ਚੇਤਨ ਤੇ ਅਚੇਤਨ , ਮਨੁੱਖੀ ਮਨ ਦੀਆਂ ਇਹ ਤਿੰਨ ਪਰਤਾਂ 
ਇਨ੍ਹਾਂ ਪਰਤਾਂ 'ਚ ਵੀ ਪਰਤਾਂ ਅਨੇਕਾਂ , ਇਹ ਸੂਖਮ , ਨਾ ਇਦ੍ਹਾ ਆਕਾਰ ਕੋਈ ।

ਅਸੀਂ ਕੰਜਕ ਨੂੰ ਦੇਵੀ ਆਖਦੇ ਹਾਂ , ਤੇ ਮਜ਼ਹਬ , ਜ਼ਾਤ ਦਾ ਹੰਕਾਰ ਵੀ ਹੈ ,
ਕਦੇ ਪੁੱਛਦੈ ਕਿ ਮਜ਼ਹਬ , ਜ਼ਾਤ ਕੀ ਹੈ , ਕਰੇ ਜਦ ਮਰਦ ਇਕ ਵਿਭਚਾਰ ਕੋਈ ।

ਨ ਕੋਈ ਕੁਸਕਦਾ ਹੈ ਜ਼ੁਲਮ ਅੱਗੇ , ਰਿਹਾਈ ਜ਼ੁਲਮ ਤੋਂ ਕਿਹੜਾ ਦਵਾਏ , .
ਇਹ ਸਾਰੀ ਕੌਮ ਹੀ ਮਜ਼ਲੂਮ ਹੋਈ , ਉਡੀਕੇ ਦੇਰ ਤੋਂ ਅਵਤਾਰ ਕੋਈ ।

ਸਦੀ ਪੌਣੀ ਹੈ ਭਾਵੇਂ ਬੀਤ ਜਾਣੀ , ਕਿ ਲੋਕੀ ਲੋਕਤੰਤਰ ਦੇ ਨ ਹਾਣੀ ,
ਕਿਸੇ ਸੂਬੇ ਜਾਂ ਸਾਰੇ ਦੇਸ ਉੱਤੇ , ਹਕੂੰਮਤ ਕਿਉਂ ਕਰੇ ਪਰਿਵਾਰ ਕੋਈ ।

ਭਲਾ ਫਿਰ ਕ੍ਰਿਸ਼ਨ ਦੀ ਔਕਾਤ ਕੀ ਹੈ , , ਕੁਈ ਵਿਦਵਾਨ , ਚਿੰਤਕ ਜਾਂ ਬੁਲਾਰਾ , 
ਜੁ ਮਨ ਵਿਚ ਸੋਚਦੈ , ਸਾਰੇ ਦਾ ਸਾਰੇ , ਕਦੇ ਨਾ ਕਰ ਸਕੇ ਇਜ਼ਹਾਰ ਕੋਈ ।

No comments:

Post a Comment