ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ
ਕਿਸੇ ਵੀ ਸ਼ੀਸ਼ੇ 'ਚ ਅਕਸ ਅਪਣਾ
ਗੰਧਲਦਾ ਤੱਕ ਨ ਉਦਾਸ ਹੋਵੀਂ
ਸਜਨ ਦੀ ਨਿਰਮਲ ਨਦਰ 'ਚ ਹਰਦਮ
ਤੂੰ ਧਿਆਨ ਅਪਣੇ ਨੂੰ ਲੀਨ ਰੱਖੀਂ
ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ
ਕਿ ਸ਼ੀਸ਼ਿਆਂ 'ਚ ਵਿਕਾਰ ਪਾਵੋ
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ
ਸੋ ਖ਼ੁਦ 'ਚ ਪੂਰਾ ਯਕੀਨ ਰੱਖੀਂ।
ਲਿਬਾਸ ਮੰਗਾਂ ਨਾ ਓਟ ਮੰਗਾਂ
ਨਾ ਪਰਦਾਦਾਰੀ ਦਾ ਖੋਟ ਮੰਗਾਂ
ਬੱਸ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ।
ਮਿਲਾਪ ਵਿੱਚ ਵੀ ਕੋਈ ਵਿਛੋੜਾ
ਹਮੇਸ਼ ਰਹਿੰਦਾ ਏ ਥੋੜ੍ਹਾ ਥੋੜ੍ਹਾ
ਘੁਲੇ ਪਲਾਂ 'ਚ ਕਹੇ ਕੋਈ
ਨਾ ਘੁਲੇ ਰਹਿਣ ਦਾ ਯਕੀਨ ਰੱਖੀਂ।
ਨਹੀਂ ਮੁਹੱਬਤ ਕੋਈ ਮਸੀਹਾ
ਹੈ ਕਿਸਮ ਆਪਣੀ ਦਾ ਇਹ ਤਸੀਹਾ
ਇਹ ਤਪਦੇ ਸਹਿਰਾ 'ਚ ਮਿਰਗਜਲ ਹੈ
ਨਾ ਇਸ 'ਚ ਦਿਲ ਦੀ ਤੂੰ ਮੀਨ ਰੱਖੀਂ।
ਅਗਨ 'ਚ ਬਲ ਕੇ ਹਵਾ 'ਚ ਰਲ ਕੇ
ਨਾ ਆਉਣਾ ਦੇਖਣ ਅਸਾਂ ਨੇ ਭਲਕੇ
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ
ਪਾਕ ਰੱਖੀਂ ਮਲੀਨ ਰੱਖੀਂ।
ਹਨ੍ਹੇਰਿਆਂ ਦਾ ਇਲਾਜ ਕੀ ਹੈ
ਇਹ ਬੁਝ ਕੇ ਜੀਣਾ ਰਿਵਾਜ ਕੀ ਹੈ
ਬਲਣ ਬਿਨਾਂ ਹੀ ਮਿਲੇਗਾ ਚਾਨਣ
ਇਹ ਆਸ ਦਿਲ ਵਿੱਚ ਕਦੀ ਨਾ ਰੱਖੀਂ।
ਵਫ਼ਾ ਦੇ ਵਾਅਦੇ, ਇਹ ਅਹਿਦ ਇਰਾਦੇ
ਰਹੀ ਨਾ ਸ਼ਿੱਦਤ ਤਾਂ ਫੇਰ ਕਾਹਦੇ
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ
ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ।
ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ
ਖ਼ਿਲਾਵਾਂ ਅੰਦਰ ਕੀ ਉੱਗਣਾ ਹੈ
ਮੈਂ ਅੰਤ ਕਿਰਨਾ ਹੈ ਬੀਜ ਬਣ ਕੇ
ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ।
ਬੁਰੇ ਦਿਨਾਂ ਤੋਂ ਡਰੀਂ ਨਾ 'ਪਾਤਰ'
ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿੱਚ ਤੇ ਆਸ ਰੂਹ ਵਿੱਚ
ਨਜ਼ਰ 'ਚ ਸੁਪਨੇ ਹਸੀਨ ਰੱਖੀਂ।
No comments:
Post a Comment