ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 16, 2017

Raat Khamosh Nu - Surjit Patar


ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ
ਮੇਰੇ ਦਿਲ 'ਚ ਕੋਈ ਦੁਆ ਕਰੇ
ਇਹ ਜ਼ਮੀਨ ਹੋਵੇ ਸੁਰਾਂਗਲੀ
ਇਹ ਦਰਖਤ ਹੋਣ ਹਰੇ ਭਰੇ

ਏਥੋਂ ਕੁਲ ਪਰਿੰਦੇ ਹੀ ਉੜ ਗਏ
ਏਥੇ ਮੇਘ ਆਉਂਦੇ ਵੀ ਮੁੜ ਗਏ
ਏਥੇ ਕਰਨ ਅੱਜ ਕਲ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ

ਨ ਤਾਂ ਕੁਰਸੀਆਂ ਨੂੰ ਨ ਤਖਤ ਨੂੰ
ਨ ਸਲੀਬ ਸਖਤ ਕੁਰਖਤ ਨੂੰ
ਇਹ ਮਜ਼ਾਕ ਕਰਨ ਦਰਖਤ ਨੂੰ
ਬੜੇ ਸਮਝਦਾਰ ਨੇ ਮਸਖਰੇ

ਹੁਣ ਚੀਰ ਹੁੰਦਿਆਂ ਵੀ ਚੁਪ ਰਵੇ
ਹੁਣ ਆਰਿਆਂ ਨੂੰ ਵੀ ਛਾਂ ਦਵੇ
ਇਹ ਜੁ ਆਖਦਾ ਸੀ ਮੈਂ ਬਿਰਖ ਹਾਂ
ਹੁਣ ਵਕਤ ਆਇਆ ਹੈ ਸਿੱਧ ਕਰੇ

ਮੈਂ ਚਲਾ ਕੇ ਤੀਰ ਕਮਾਨ 'ਚੋਂ
ਰੱਤ ਸਿੰਮਦੀ ਸੋਚਾਂ ਨਿਸ਼ਾਨ 'ਚੋਂ
ਤਾਂ ਦੁਆ ਇਹ ਨਿਕਲੇ ਜ਼ਬਾਨ 'ਚੋਂ
ਮੇਰਾ ਤੀਰ ਡਿੱਗ ਪਏ ਉਰੇ ਪਰੇ

ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ
ਗੱਡੀ ਲੰਘੀ ਰਾਤ ਅਖੀਰ ਦੀ
ਟੁੱਟੀ ਨੀਂਦ ਬਿਰਖ ਫ਼ਕੀਰ ਦੀ
ਪੀਲੇ ਪੱਤੇ ਮੁਸਾਫ਼ਰ ਉੱਤਰੇ

ਕੋਈ ਲਫਜ਼ ਲਫਾਜ਼ਾਂ ਦੇ ਸਾਕ ਵਿਚ
ਨ ਘੁਟਨ ਸਹੇ ਕਿਸੇ ਵਾਕ ਵਿਚ
ਤਦੇ ਝਿਜਕਦਾਂ ਕੁੱਝ ਆਖਦਾ
ਕੁੱਝ ਲਿੱਖਦਿਆਂ ਮੇਰਾ ਮਨ ਡਰੇ

ਉਹ ਬਣਾ ਰਹੇ ਨੇ ਇਮਾਰਤਾਂ
ਅਸੀਂ ਲਿੱਖ ਰਹੇ ਹਾਂ ਇਬਾਰਤਾਂ
ਤਾਂ ਜੁ ਪੱਥਰਾਂ ਦੇ ਵਜੂਦ ਵਿਚ
ਕੋਈ ਆਤਮਾ ਵੀ ਰਿਹਾ ਕਰੇ

ਕੋਈ ਸਾਕ ਕਦ ਹੈ ਹਮੇਸ਼ ਤਕ
ਇਕ ਤਾਪਮਾਨ ਵਿਸ਼ੇਸ਼ ਤਕ
ਜੁੜੇ ਰਹਿਣ ਤੱਤਾਂ ਦੇ ਨਾਲ ਤੱਤ
ਫਿਰ ਟੁੱਟ ਕੇ ਹੋ ਜਾਵਣ ਪਰੇ

ਉਹ ਸੀ ਯੋਧਾ ਕਾਹਦਾ ਫਕੀਰ ਸੀ
ਉਹਦੇ ਲਫਜ਼ ਹੀ ਉਹਦੇ ਤੀਰ ਸੀ
ਤੇ ਉਹ ਲਫਜ਼ ਕੱਢੇ ਜ਼ਬਾਨ 'ਚੋਂ
ਪਹਿਲਾਂ ਆਪਣੀ ਰੱਤ 'ਚ ਹੀ ਨਮ ਕਰੇ

ਕੁੱਝ ਲੋਕ ਆਏ ਸੀ ਬੇਸੁਰੇ
ਮੇਰੀ ਤੋੜ ਬਿਰਤੀ ਚਲੇ ਗਏ
ਹੁਣ ਮੁੜ ਕੇ ਰਾਗ ਪਿਰੋ ਰਿਹਾਂ
ਤੇ ਮੈਂ ਚੁਗ ਰਿਹਾਂ ਸੁਰ ਬਿੱਖਰੇ

ਇਕ ਵਾਕ ਸੁਣ ਕੇ ਸਿਹਰ ਗਏ
ਚੰਨ ਗੁੰਮਿਆਂ ਤਾਰੇ ਬਿਖਰ ਗਏ
ਮੇਰੇ ਮਨ ਦੇ ਨੀਰ ਗੰਧਲ ਗਏ
ਬੜੀ ਦੇਰ ਤੀਕ ਨ ਨਿੱਤਰੇ

ਚੱਲ ਸੂਰਜਾ, ਚੱਲ ਧਰਤੀਏ
ਮੁੜ ਸੁੰਨ ਸਮਾਧੀ 'ਚ ਪਰਤੀਏ
ਕੱਲ ਰਾਤ ਹੋਏ ਨੇ ਰਾਤ ਭਰ
ਏਹੀ ਤਾਰਿਆਂ ਵਿਚ ਤਜ਼ਕਰੇ

No comments:

Post a Comment