ਤਾਂਘਾਂ ਵਾਲੇ ਨੈਣਾਂ ਵਿੱਚ
ਹੰਝੂ ਦੇਣ ਵਾਲਿਆ,
ਜਿਉਂਦਾ ਰਵੇਂ ਅੱਖੀਆਂ ਤੋਂ
ਦੂਰ ਜਾਣ ਵਾਲਿਆ।
ਦੂਰ ਸੀ ਕਿਨਾਰੇ ਬੇੜੀ
ਸਾਗਰਾਂ ਚੋਂ ਰੋੜ੍ਹਤੀ,
ਕੰਢਿਆਂ ਦੇ ਨੇੜੇ ਆ ਕੇ
ਆਪਣਿਆਂ ਡੋਬਤੀ,
ਗਮਾਂ ਦੇ ਸਮੁੰਦਰਾਂ 'ਚ
ਸੁੱਟ ਜਾਣ ਵਾਲਿਆ।
ਜਿਉਂਦਾ ਰਵੇਂ ਅੱਖੀਆਂ ਤੋਂ
ਦੂਰ ਜਾਣ ਵਾਲਿਆ।
ਯਾਦ ਆਉਂਣ ਹੱਥ ਤੇਰੇ
ਦੂਰੋਂ ਦੂਰੋਂ ਹਿੱਲਦੇ,
ਨਦੀ ਦੇ ਕਿਨਾਰੇ ਕਦੇ
ਕੱਠੇ ਨਹੀੳੁਂ ਮਿਲਦੇ,
ਕਿਸ਼ਤੀ ਤੂਫਾਨਾਂ ਵੱਲ
ਮੋੜ ਜਾਣ ਵਾਲਿਆ।
ਜਿਉਂਦਾ ਰਵੇਂ ਅੱਖੀਆਂ ਤੋਂ
ਦੂਰ ਜਾਣ ਵਾਲਿਆ।
ਖੱਤ ਜੋ ਮੁੱਹਬਤਾਂ ਦੇ
ਲਿਖੇ ਮੈਨੂੰ ਯਾਦ ਨੇ,
ਕਾਗਜ਼ ਹੀ ਸਾਥੀ ਬਣੇ
ਤੇਰੇ ਜਾਣ ਬਾਅਦ ਨੇ,
ਕਲਮਾਂ ਨੂੰ ਨਿੱਤ ਨਵੇਂ
ਗੀਤ ਦੇਣ ਵਾਲਿਆ।
ਜਿਉਦਾਂ ਰਵੇਂ ਅੱਖੀਆਂ ਤੋਂ
ਦੂਰ ਜਾਣ ਵਾਲਿਆ।
ਤਾਂਘਾਂ ਵਾਲੇ ਨੈਣਾਂ ਵਿੱਚ
ਹੰਝੂ ਦੇਣ ਵਾਲਿਆ,
ਜਿਉਂਦਾ ਰਵੇਂ ਅੱਖੀਆਂ ਤੋਂ
ਦੂਰ ਜਾਣ ਵਾਲਿਆ।
.....ਰਣਬੀਰ
No comments:
Post a Comment