ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 18, 2017

Mini Kahani ( Yodha) - Kulwinder Kaousal

ਯੋਧਾ
ਘਰ ਵਿੱਚ ਹਾਹਾਕਾਰ ਮੱਚੀ ਪਈ ਸੀ। ਮਾਂ ਆਪਣੇ ਮੁੰਡੇ ਦੀ ਲਾਸ਼ ਨੂੰ
ਲਿਪਟ-ਲਿਪਟ ਰੋ ਰਹੀ ਸੀ। ਆਂਢੀ-ਗੁਆਂਢੀ, ਰਿਸ਼ਤੇਦਾਰ ਉਸਨੂੰ ਫੜ-ਫੜ ਰੱਖ ਰਹੇ ਸਨ।
ਮੁੰਡੇ ਦਾ ਪਿਤਾ ਮਾਸਟਰ ਨਛੱਤਰ ਸਿੰਘ ਸੁੰਨ ਹੋਇਆ ਘਰ ਦੇ ਇੱਕ
ਪਾਸੇ ਖੜ੍ਹਾ ਸੀ। ਕੋਈ ਰਿਸ਼ਤੇਦਾਰ ਆਉਂਦਾ ਤਾਂ ਉਹ ਬੈਠਣ ਦਾ ਇਸ਼ਾਰਾ ਕਰਦਾ ਕਦੇ ਫੋਨ ਲਗਾਉਣ ਲੱਗਦਾ, ਉਸਦੀ ਬੇਚੈਨੀ ਵਧ ਰਹੀ ਸੀ।
ਕੁਝ ਦੇਰ ਬਾਅਦ ਜਦੋਂ ਘਰ ਸਾਹਮਣੇ ਐਂਬੂਲੈਂਸ ਆ ਕੇ ਰੁਕੀ ਤਾਂ ਇਕਦਮ ਸਾਰੇ ਲੋਕਾਂ 'ਚ ਸੰਨਾਟਾ ਛਾ ਗਿਆ। ਲੋਕ ਮਾਸਟਰ ਨਛੱਤਰ ਸਿੰਘ ਦੇ ਅਜੀਬ ਵਰਤਾਓ ਤੋਂ ਪਹਿਲਾਂ ਹੀ ਹੈਰਾਨ ਸਨ। ਹੁਣ ਪ੍ਰਸ਼ਨ ਚਿੰਨ ਬਣੇ ਡਾਕਟਰ ਅਤੇ ਉਸਦੀ ਟੀਮ ਵੱਲ ਦੇਖ ਰਹੇ ਸਨ ਜੋ ਜਲਦੀ-ਜਲਦੀ ਮੁੰਡੇ ਦੀ ਲਾਸ਼ ਨੂੰ ਇੱਕ ਕਮਰੇ 'ਚ ਲੈ ਗਏ। ਨਛੱਤਰ ਸਿੰਘ ਹੱਥ ਜੋੜੀ ਖੜ੍ਹਾ ਰਿਹਾ।
ਕੁਝ ਦੇਰ ਬਾਅਦ ਡਾਕਟਰ ਬਾਹਰ ਆ ਗਿਆ।
''ਕੁਦਰਤ ਨੇ ਬਹੁਤ ਵੱਡਾ ਜ਼ੁਲਮ ਕੀਤਾ ਪਰ ਨਛੱਤਰ ਸਿੰਘ ਜੀ ਤੁਸੀਂ ਇਨਸਾਨੀ ਫਰਜ਼ ਨੂੰ ਪਹਿਲ ਦਿੱਤੀ ਜਿਸ ਲਈ ਪਹਾੜ ਜਿੱਡਾ ਦਿਲ ਚਾਹੀਂਦਾ। ਤੁਹਾਡੇ ਬੇਟੇ ਦੀਆਂ ਅੱਖਾਂ ਦੋ ਹੋਰ ਲੋਕਾਂ ਨੂੰ ਰੌਸ਼ਨੀ ਦਿਖਾਉਣਗੀਆਂ।''ਡਾਕਟਰ ਨੇ ਹੌਸਲਾ ਦਿੰਦੇ ਕਿਹਾ
''ਸੁਣਿਆ ਜਸਪ੍ਰੀਤ ਦੀ ਮਾਂ ਆਪਣਾ ਪੁੱਤ ਦੋ ਹੋਰ ਲੋਕਾਂ ਨੂੰ ਦੁਨੀਆਂ
ਦਿਖਾਵੇਗਾ।'' ਕਹਿੰਦੇ ਹੋਏ ਉਸਦਾ ਗਲ ਭਰ ਆਇਆ ਫਿਰ ਧਾਹਾਂ ਮਾਰਕੇ ਰੋ ਪਿਆ।
''ਹਾਏ ਮੇਰਾ ਲਾਡਲਾ... ਮੇਰੇ ਜਿਗਰ ਦਾ ਟੁਕੜਾ... ਉਜੜ ਗਿਆ ਲੋਕੋ।''
ਮਾਸਟਰ ਨਛੱਤਰ ਸਿੰਘ ਦੇ ਅੰਦਰ ਤਿੰਨ ਚਾਰ ਘੰਟਿਆਂ ਤੋਂ ਰੋਕਿਆਂ ਹੰਝੂਆਂ ਦਾ ਲਾਵਾ ਫੁੱਟ ਪਿਆ ਸੀ।
ਕੁਲਵਿੰਦਰ ਕੌਸ਼ਲ
ਪਿੰਡ ਤੇ ਡਾਕ ਪੰਜਗਰਾਈਆਂ ਤਹਿ. ਧੂਰੀ (ਸੰਗਰੂਰ)
ਮੋਬਾਇਲ 9417636255

No comments:

Post a Comment