ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 27, 2017

ਛੱਪੜਾਂ ਦਾ ਇਤਿਹਾਸ - Kuljit Singh Khosa

ਛੱਪੜਾਂ ਦਾ ਇਤਿਹਾਸ
ਜਿਹੜੇ ਦਰਿਆ ਚ ਸੋਹਣੀ ਡੁੱਬੀ ਸੀ, ਉੱਥੇ ਮਹੀਵਾਲ ਪਹਿਲਾਂ ਮੱਝਾਂ ਨਵਾਉਣ ਜਾਂਦਾ ਹੁੰਦਾ ਸੀ । ਦਰਿਆ ਦੇ ਪਰਲੇ ਪਾਰੋਂ ਆਏ ਦਿਨ ਸੋਹਣੀ ਨੂੰ ਮੱਝ ਦੀ ਪਿੱਠ ਤੇ ਬਿਠਾ ਕੇ ਦੂਜੇ ਪਾਰ ਲੈ ਜਾਂਦਾ ਤੇ ਸ਼ਾਮਾਂ ਨੂੰ ਫਿਰ ਵਾਪਿਸ ਛੱਡ ਜਾਂਦਾ । ਮੱਝਾਂ ਕਾਹਦੀਆਂ, ਬਸ ਮਿੰਨੀ ਕਿਸ਼ਤੀਆਂ ਈ ਸੀ । ਇਕ ਦਿਨ ਕਿਤੇ ਮੱਝਾਂ ਨੂੰ ਮੂੰਹ ਖੁਰ ਦੀ ਬੀਮਾਰੀ ਹੋਗੀ ਤੇ ਮਹੀਵਾਲ ਮੱਝਾਂ ਨਵਾਉਣ ਨਾ ਆਇਆ । ਕੱਲਾ ਆ ਕੇ ਦਰਿਆ ਕੋਲੇ ਬੈਠ ਗਿਆ ਬੀ ਚਲੋ ਸੋਹਣੀ ਨੂੰ ਅੱਜ ਦੂਰੋਂ ਈ ਵੇਖ ਲੂੰਗਾ । ਜਦ ਸੋਹਣੀ ਦਰਿਆ ਦੇ ਪਰਲੇ ਪਾਰ ਆਈ ਤਾਂ ਮਹੀਵਾਲ ਨੂੰ ਕੱਲਾ ਵੇਖ ਸਮਝਗੀ ਬੀ ਮੱਝਾਂ ਨਾਲ ਜਰੂਰ ਕੋਈ ਹੈਪਨਿੰਗ ਹੋਈ ਆ, । ਕੁਜਰਤੀ ਸੋਹਣੀ ਕੋਲ ਘੜਾ ਸੀ, ਉਹਨੇ ਸੋਚਿਆ ਬੀ ਜੇ ਮੱਝਾਂ ਦਰਿਆ ਚ ਤੈਰ ਸਕਦੀਆਂ ਤੇ ਘੜਾ ਕਿਉਂ ਨੀ..! ਬੱਸ ਮਹੀਵਾਲ ਦੇ ਦੂਰੋਂ ਰੋਕਦੇ ਰੋਕਦੇ ਵੀ ਦਰਿਆ ਚ ਸਣੇ ਘੜੇ ਛਾਲ ਮਾਰ ਦਿੱਤੀ । ਪਰ ਕਿੱਥੇ ਮੱਝਾਂ ਤੇ ਕਿੱਥੇ ਘੜਾ ..! ਜਦ ਡੁੱਬਣ ਲੱਗੀ ਤਾਂ ਸੋਹਣੀ ਨੇ ਮਹੀਵਾਲ ਨੂੰ ਹਾਕ ਮਾਰੀ ਕਹਿੰਦੀ ਵੇ ਆਹ ਤਾਂ ਧੋਖਾ ਹੋ ਗਿਆ .. ਮੈਂ ਤਾਂ ਤੇਰੀਆਂ ਮਿੰਨੀ ਕਿਸ਼ਤੀਆਂ ਦੇ ਭੁਲੇਖੇ ਚ ਰਹਿਗੀ ਬੀ ਦਰਿਆ ਜਿਆਦਾ ਡੂੰਘਾ ਨੀ ..! ਮਹੀਵਾਲ ਵੀ ਛਾਲ ਮਾਰਨ ਈ ਲੱਗਾ ਸੀ, ਪਰ ਫਿਰ ਡਰਦਾ ਡਰਦਾ ਰੁਕ ਗਿਆ ਬੀ ਕਿਤੇ ਮੈਂ ਵੀ ਨਾ ਡੁੱਬਜਾਂ ! ਸੋਹਣੀ ਨੂੰ ਡੁੱਬਦੀ ਵੇਖ ਮਹੀਵਾਲ ਸੋਚਦਾ ਬੀ ਚਲੋ ਇਹ ਤਾਂ ਗਈ ਭੰਗ ਦੇ ਭਾਣੇ, ਅੱਗੇ ਤੋਂ ਕਿਸੇ ਹੋਰ ਆਸ਼ਿਕ ਦੀ ਸੋਹਣੀ ਨਾ ਡੁੱਬੇ ਇਸ ਲਈ ਕਿਉਂ ਨਾ ਦਰਿਆ ਚੋਂ ਪਾਣੀ ਘੱਟ ਕੀਤਾ ਜਾਵਾ । ਉਹਨੇ ਸਕੀਮ ਲਾਈ, ਆਵਦੇ ਤਿੰਨ ਚਾਰ ਪਿੰਡਾਂ ਚ ਲੰਮੇ ਚੌੜੇ ਤਿੰਨ ਚਾਰ ਟੋਏ ਪੁੱਟੇ ਤੇ ਰੋਜ ਦਰਿਆ ਚੋਂ ਬਾਲਟੀਆਂ ਨਾਲ ਪਾਣੀ ਭਰ ਕੇ ਉਹਨਾਂ ਟੋਇਆਂ ਚ ਪਾਉਣ ਲੱਗਿਆ ..! ਪਿੰਡਾਂ ਵਾਲਿਆਂ ਨੂੰ ਕਹਿੰਦਾ ਬੀ ਹੁਣ ਥੋਨੂੰ ਪਾਣੀ ਲਈ ਦਰਿਆ ਵੱਲ ਜਾਣ ਦੀ ਲੋੜ ਨੀ, ਮੈਂ ਏਥੇ ਹੀ ਤੁਹਾਨੂੰ ਫਰੈੱਸ਼ ਵਾਟਰ ਦੀ ਸਰਵਿਸ ਮੁਹੱਈਆ ਕਰਵਾ ਰਿਹਾਂ । ਪਿੰਡਾਂ ਵਾਲਿਆਂ ਨੇ ਖੁਸ਼ ਹੋ ਕੇ ਮਹੀਵਾਲ ਨੂੰ ਕੁਝ ਪੈਸੇ ਦਿੱਤੇ ਤੇ ਕਿਹਾ ਸਾਡੇ ਚਾਰਾਂ ਪਿੰਡਾਂ ਦੇ ਟੋਇਆਂ ਚ ਪਾਣੀ ਬਰਾਬਰ ਦਾ ਪਾਵੀਂ ਕਾਣੀਂ ਵੰਡ ਨਾ ਕਰੀਂ । ਆਂਹਦਾ ਚੱਕਰ ਈ ਕੋਈ ਨੀ ..! ਮਹੀਵਾਲ ਨੇ ਪਾਣੀ ਦੀ ਬਰਾਬਰ ਵੰਡ ਕਰਨ ਲਈ ਆਪਣੇ ਤਿੰਨ ਚਾਰ ਪੁਰਾਣੇ ਛਿੱਤਰ ਪਾੜ ਕੇ ਕੱਲੇ ਕੱਲੇ ਟੋਏ ਚ ਉਪਰ ਨੂੰ ਕਰਕੇ ਥੋੜੇ ਥੋੜੇ ਨੱਪ ਦਿੱਤੇ, ਬੀ ਇਹਨਾਂ ਦੀਆਂ ਉਪਰਲੀਆਂ ਕੰਨੀਆਂ ਤੱਕ ਪਾਣੀ ਪਾਉਣਾ ਤਾਂ ਜੋ ਹਿਸਾਬ ਬਰਾਬਰ ਰਹੇ । ਜਦ ਪਾਣੀ ਛਿੱਤਰ ਦੀ ਉਪਰਲੀ ਕੰਨੀ ਤੱਕ ਆਉਂਦਾ ਸੀ ਤਾਂ ਉਹ ਆਪਣੇ ਪਾਟੇ ਛਿੱਤਰ ਨੂੰ ਟੋਏ ਦੇ ਕੋਲ ਹੀ ਰੱਖ ਦਿੰਦਾ ਸੀ ਤਾਂ ਜੋ ਅਗਲੀ ਵਾਰ ਕੰਮ ਲਿਆ ਜਾ ਸਕੇ ..! ਸਾਰੇ ਜਾਣੇ ਉਸ ਟੋਏ ਨੂੰ ਮਹੀਵਾਲ ਦੇ ਪਾਟੇ ਛਿੱਤਰ ਕਰਕੇ ਪਾਣੀ ਆਲਾ ਛਿੱਤਰਪਾੜ ਕਹਿਣ ਲੱਗ ਗਏ ਜੋ ਹੌਲੀ ਹੌਲੀ ਛੱਤਪਾੜ ਚ ਬਦਲਿਆ ਤੇ ਫਿਰ ਛੱਤਪਾੜ ਤੋਂ ਛੱਪੜ ਹੋ ਗਿਆ । ਓਧਰੋਂ ਮਹੀਵਾਲ ਦੀ ਸਕੀਮ ਮੁਤਾਬਿਕ ਦਰਿਆ ਚੋ ਪਾਣੀ ਤਾਂ ਨੀ ਮੁੱਕਿਆ, ਸਗੋਂ ਮਹੀਵਾਲ ਦਰਿਆ ਚੋ ਪਾਣੀ ਕੱਢਦਾ ਆਪ ਮੁੱਕ ਗਿਆ । ਇਹ ਸੀ ਸਾਰਾ ਛੱਪੜਾਂ ਦਾ ਇਤਿਹਾਸ । ਉਸ ਮੌਕੇ ਇਕ ਕਵੀ ਸੀ ਖਾਰਿਸ਼ ਸ਼ਾਹ ਜੋ ਸਾਰਾ ਕੁਝ ਵੇਖ ਰਿਹਾ ਸੀ ਉਹਨੇ ਬਾਅਦ ਚ ਇਕ ਕਿਤਾਬ ਲਿਖੀ “ਮਹੀਵਾਲ ਦੇ ਛੱਪੜ” ਜਿਸ ਚ ਪੰਨਾ ਨੰਬਰ 11 ਤੇ ਅਧਿਆਇ ਚਾਰ ਚ ਦਰਜ ਉਸਦੀ ਇੱਕ ਖੁੱਲੀ ਕਵਿਤਾ ਦੇ ਦੂਜੇ ਬੰਦ ਦੀ ਤੀਜੀ ਲਾਈਨ ਤੋਂ ਅਗਲੀ ਚੌਥੀ ਲਾਈਨ ਛੱਡ ਕੇ ਪੰਜਵੀਂ ਤੋਂ ਲੈ ਕੇ ਗਿਆਰਵੀਂ ਲਾਈਨ ਦੇ ਵਿਚ ਮਹੀਵਾਲ ਦੇ ਛੱਪੜਾਂ ਬਾਰੇ ਵਿਸਥਾਰ ਚ ਦੱਸਿਆ ਗਿਆ ਹੈ ..!
ਮਹਾਨ ਖੋਜੀ ਤੇ ਇਤਿਹਾਸਕਾਰ - ਕੁਲਜੀਤ ਸਿੰਘ ਛੱਪੜਨਾਮਾ

No comments:

Post a Comment