ਬਿਨਾਂ ਕਸੂਰੋਂ ਜੇਲ੍ਹਾਂ ਦੇ ਵਿਚ ਕਦੇ ਤਾੜੀ ਜਾਂਦੇ ਸੀ !
ਅੱਗਾਂ ਲਾ ਲਾ ਮਾਵਾਂ ਦੀ ਕੋਖ ਉਜਾੜੀ ਜਾਂਦੇ ਸੀ !
ਕੌਣ ਭੁਲਾਊ ਦਿਨ ਉਹ ਕਾਲੇ ਕਾਲਖ ਵਰਗੇ ਚੰਦਰੇ
ਟਾਇਰ ਪਾ ਕੇ ਗਲਾ ਵਿਚ ਜਦ ਪੱਗਾਂ ਸਾੜੀ ਜਾਂਦੇ ਸੀ !
ਉਚੇ ਉਚੇ ਮਹਿਲ ਬਣਾਕੇ ਹੁਣ ਕਾਰਾਂ ਦੇ ਵਿਚ ਘੁੰਮਣ
ਕਿਸੇ ਸਮੇਂ ਜੋ ਜੱਟਾਂ ਦੇ ਘਰ ਵਿਚ ਦਿਹਾੜੀ ਜਾਂਦੇ ਸੀ !
ਤੇਰੀ ਉਮਰ ਦੇ ਵਿਚ ਕਾਕਾ ਕਦੇ ਸਾਹ ਨਾ ਸਾਨੂੰ ਚੜ੍ਹਿਆ
ਭੱਜੇ ਭੱਜੇ ਸ਼ਾਲ ਮਾਰਕੇ ਆਪਾਂ ਚੜ ਪਹਾੜੀ ਜਾਂਦੇ ਸੀ !
ਸਾਡੀ ਨਫਰਤ ਸਾਨੂੰ ਤਾਂ ਦੋ ਹਿਸਿਆਂ ਦੇ ਵਿਚ ਵੰਡ ਗਈ
ਕੁੱਝ ਸਮਝ ਆਉਂਦੀ ਪਹਿਲਾ ਘਰ ਸ਼ਰੀਕੇ ਉਜਾੜੀ ਜਾਂਦੇ ਸੀ !
ਸੋਚਿਆ ਸੀ ਕੇ ਸਾਡੇ ਘਰ ਦੀ ਰੌਣਕ ਉਹ ਬਣ ਜਾਏਗੀ
ਕੋਈ ਹੋਰ ਵੀਆਹ ਕੇ ਲੈ ਗਿਆ ਜਿਹਦੇ ਪਿੱਛਾੜੀ ਜਾਂਦੇ ਸੀ !
ਪੱਕੀਆਂ ਗੋਲੀਆਂ ਖੇਡਣ ਵਾਲੇ ਅੱਜ ਕੱਚਿਆਂ ਹੱਥੋਂ ਹਰ ਗਏ
ਅੱਜ ਪਿੱਛੇ ਖਲੋਤੇ ਵੇਖੇ ਦਰਦੀ ਦੇ ਜੋ ਸਦਾ ਅਗਾੜੀ ਜਾਂਦੇ ਸੀ !
No comments:
Post a Comment